ਕੋਲਕਾਤਾ— ਪੱਛਮੀ ਬੰਗਾਲ ਦੀ ਵਿਧਾਨ ਸਭਾ ’ਚ ਮੌਬ ਲਿੰਚਿੰਗ (ਭੀੜ ਵਲੋਂ ਕੁੱਟਮਾਰ) ਵਿਰੁੱਧ ਬਿੱਲ ਪਾਸ ਹੋ ਗਿਆ ਹੈ। ਇਹ ਬਿੱਲ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੇ ਵਿਧਾਨ ਸਭਾ ’ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ। ਇਸ ਬਿੱਲ ਅਨੁਸਾਰ ਮੌਬ ਲਿੰਚਿੰਗ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਜ਼ਿਕਰਯੋਗ ਹੈ ਕਿ ਰਾਜ ’ਚ ਕਈ ਜਗ੍ਹਾ ਅਫਵਾਹਾਂ ਕਾਰਨ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਭੀੜ ਸ਼ਾਮਲ ਹੁੰਦੀ ਹੈ। ਲੋਕ ਬੱਚਾ ਚੋਰ, ਕਿਸੇ ਫਿਰਕੂ ਮਾਮਲੇ ’ਚ ਕਤਲ ਕਰ ਦਿੰਦੇ ਹਨ।
ਉਮਰ ਕੈਦ ਤੇ 5 ਲੱਖ ਰੁਪਏ ਤੱਕ ਹੋਵੇਗਾ ਜ਼ੁਰਮਾਨਾ
ਬਿੱਲ ’ਚ ਉਮਰ ਕੈਦ ਅਤੇ ਜ਼ੁਰਮਾਨੇ ਦੀ ਵਧ ਤੋਂ ਵਧ ਸਜ਼ਾ ਇਕ ਲੱਖ ਰੁਪਏ ਤੋਂ 5 ਲੱਖ ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਡਰਾਫਟ ਬਿੱਲ ਅਨੁਸਾਰ ਧਰਮ, ਜਾਤੀ, ਲਿੰਗ, ਜਨਮ ਸਥਾਨ, ਭਾਸ਼ਾ, ਜਾਤੀ ਜਾਂ ਕਿਸੇ ਹੋਰ ਆਧਾਰ ’ਤੇ ਭੀੜ ਵਲੋਂ ਹਿੰਸਾ ਨੂੰ ਭੀੜ ਹਿੰਸਾ ਦੇ ਰੂਪ ’ਚ ਬਿਆਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜਸਥਾਨ ਵਿਧਾਨ ਸਭਾ ਨੇ ਭੀੜ ਹਿੰਸਾ ਕਰਨ ਵਾਲਿਆਂ ਨੂੰ ਉਮਰ ਕੈਦ ਅਤੇ ਇਕ ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਦੇਣ ਵਾਲਾ ਬਿੱਲ ਪਾਸ ਕੀਤਾ ਸੀ।