ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੀ. ਡਬਲਿਊ. ਡੀ. ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠਲੇ ਇਨਵੈਸਟ ਪੰਜਾਬ ਦੇ ਵਫਦ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਵਿਖੇ ਇਨਫੋਸਿਸ ਅਤੇ ਵੋਲਵੋ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਨਫੋਸਿਸ ਦੇ ਸਹਿ ਬਾਨੀ ਅਤੇ ਨਾਨ ਐਗਜ਼ੀਕਿਊਟਿਵ ਚੇਅਰਮੈਨ ਨੰਦਨ ਨੀਲਕਾਨੀ ਨਾਲ ਮੀਟਿੰਗ ਦੌਰਾਨ ਵਫਦ ਨੇ ਕਿਹਾ ਕਿ ਇਨਫੋਸਿਸ ਵਰਗੀ ਬਹੁ ਕੌਮੀ ਕੰਪਨੀ ਨੂੰ ਪੰਜਾਬ ’ਚ ਵੱਡਾ ਪ੍ਰਾਜੈਕਟ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਸੂਬੇ ’ਚ ਵਪਾਰ ਅਤੇ ਨਿਵੇਸ਼ ਦੇ ਅਥਾਹ ਮੌਕੇ ਹਨ।
ਆਈ. ਟੀ. ਸਿਟੀ ਵਜੋਂ ਜਾਣੇ ਜਾਂਦੇ ਮੋਹਾਲੀ ਸ਼ਹਿਰ ’ਚ ਮੌਜੂਦ ਸੂਚਨਾ ਤਕਨਾਲੋਜੀ ਢਾਂਚੇ ਕਾਰਨ ਵੋਲਵੋ ਗਰੁੱਪ ਦੇ ਪ੍ਰਧਾਨ ਅਤੇ ਐੱਮ. ਡੀ. ਕਮਲ ਬਾਲੀ ਨਾਲ ਬੈਠਕ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ’ਚ ਵੋਲਵੋ ਡਿਜ਼ਾਈਨ ਸੈਂਟਰ ਅਤੇ ਵਾਹਨਾਂ ਲਈ ਸਰਵਿਸ ਸੈਂਟਰ ਖੋਲ੍ਹਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਡਰਾਈਵਰਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣ ਬਾਰੇ ਵੀ ਚਰਚਾ ਕੀਤੀ ਗਈ। ਮੁੱਖ ਮੰਤਰੀ ਵਿੰਨੀ ਮਹਾਜਨ ਨੇ ਪੰਜਾਬ ’ਚ ਸਨਅਤੀ ਨਿਵੇਸ਼ ਕਰਨ ਵਾਲਿਆਂ ਨੂੰ ਪੂਰਨ ਸਹਿਯੋਗ ਅਤੇ ਮਦਦ ਦਾ ਭਰੋਸਾ ਦਿੱਤਾ। ਇਸ ਮੌਕਾ ਹਾਜ਼ਰ ਸ਼ਖਸੀਅਤਾਂ ’ਚ ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵੀ ਸ਼ਾਮਲ ਸਨ।