ਸ੍ਰੀ ਮੁਕਤਸਰ ਸਾਹਿਬ (ਸੰਧਿਆ, ਤਰਸੇਮ ਢੁੱਡੀ) – ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਘਗਾ ਵਿਖੇ ਬੀਤੀ ਦੇਰ ਰਾਤ ਨਸ਼ਾ ਰੋਕੂ ਕਮੇਟੀ ਦੇ ਨੌਜਵਾਨ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਮੇਟੀ ਦੇ ਨੌਜਵਾਨਾਂ ਨੇ ਦਲੇਰੀ ਦਿਖਾਉਂਦੇ ਹੋਏ 2 ਹਮਲਾਵਰਾਂ ਨੂੰ ਕਾਬੂ ਕਰ ਲਿਆ, ਜਦਕਿ 2 ਮੌਕੇ ਤੋਂ ਫਰਾਰ ਹੋ ਗਏ। ਕਾਬੂ ਕੀਤੇ ਨੌਜਵਾਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਹੋ ਰਹੀ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਵੱਖ-ਵੱਖ ਪਿੰਡਾਂ ’ਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਗਈਆਂ ਹਨ।
ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਘਗਾ ’ਚ ਵੀ 40 ਦੇ ਕਰੀਬ ਨੌਜਵਾਨਾਂ ਵਲੋਂ ਨਸ਼ਾ ਰੋਕੂ ਕਮੇਟੀ ਬਣਾਈ ਗਈ ਹੈ, ਜੋ ਪਿੰਡ ’ਚ ਨਸ਼ੇ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਰੋਕਦੇ ਹਨ। ਕਮੇਟੀ ਦੇ ਨੌਜਵਾਨਾਂ ਨੇ ਮਲੋਟ ਤੋਂ ਘਗਾ ਨੂੰ ਜਾਣ ਵਾਲੇ ਰਾਸਤੇ ’ਤੇ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆ ਰਹੇ ਨੌਜਵਾਨਾਂ ਨੂੰ ਰੁੱਕਣ ਦਾ ਇਸ਼ਾਰਾ ਕੀਤਾ। ਸ਼ੱਕ ਦੇ ਆਧਾਰ ’ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਅਚਾਨਕ ਕਮੇਟੀ ਨੌਜਵਾਨ ’ਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਦਲੇਰੀ ਦਿਖਾਉਂਦੇ ਹੋਏ 2 ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਅਤੇ 2 ਫਰਾਰ ਹੋ ਗਏ।