ਨਵੀਂ ਦਿੱਲੀ— ਭਾਰਤ ਦੇ ਚੰਦਰ ਮਿਸ਼ਨ ‘ਚੰਦਰਯਾਨ-2’ ਲਈ ਅੱਜ ਦਾ ਦਿਨ ਬੇਹੱਦ ਖਾਸ ਰਿਹਾ। ਚੰਦਰਯਾਨ-2 ਆਰਬਿਟਰ ਤੋਂ ‘ਵਿਕਰਮ ਲੈਂਡਰ’ ਸਫਲਤਾਪੂਰਵਕ ਵੱਖ ਹੋ ਗਿਆ ਹੈ। ਦੁਪਹਿਰ ਕਰੀਬ 1:15 ਵਜੇ ਵਿਕਰਮ ਲੈਂਡਰ ਆਰਬਿਟਰ ਤੋਂ ਵੱਖ ਹੋਇਆ। ਇਸਰੋ ਨੇ ਆਪਣੇ ਆਫੀਸ਼ੀਅਲ ਅਕਾਊਂਟ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਇਸਰੋ ਦੇ ਵਿਗਿਆਨੀਆਂ ਵਲੋਂ 22 ਜੁਲਾਈ 2019 ਨੂੰ ਚੰਦਰਯਾਨ-2 ਦੀ ਲਾਂਚਿੰਗ ਕੀਤੀ ਗਈ।
ਚੰਦਰਯਾਨ-2 ਚੰਦਰਮਾ ’ਤੇ 7 ਸਤੰਬਰ ਨੂੰ ਪਹੁੰਚੇਗਾ। ਇੱਥੇ ਦੱਸ ਦੇਈਏ ਕਿ ਚੰਦਰਯਾਨ-2 ਤਿੰਨ ਹਿੱਸਿਆਂ ਨਾਲ ਮਿਲ ਕੇ ਬਣਿਆ ਹੈ- ਪਹਿਲਾ- ਆਰਬਿਟਰ, ਦੂਜਾ- ਵਿਕਰਮ ਲੈਂਡਰ ਅਤੇ ਤੀਜਾ ਪ੍ਰਗਿਆਨ ਰੋਵਰ। ਵਿਕਰਮ ਲੈਂਡਰ ਅੰਦਰ ਹੀ ਪ੍ਰਗਿਆਨ ਰੋਵਰ ਹੈ, ਜੋ ਸਾਫਟ ਲੈਂਡਿੰਗ ਤੋਂ ਬਾਅਦ ਬਾਹਰ ਨਿਕਲੇਗਾ। 3 ਸਤੰਬਰ ਯਾਨੀ ਕਿ ਕੱਲ ਵਿਕਰਮ ਲੈਂਡਰ ਉਲਟ ਦਿਸ਼ਾ ’ਚ ਪੰਧ ਬਦਲੇਗਾ।
ਆਰਬਿਰਟਰ ਤੋਂ ਵੱਖ ਹੋਇਆ ਵਿਕਰਮ ਲੈਂਡਰ 2 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਹੀ ਚੰਦਰਮਾ ਦੇ ਚਾਰੋਂ ਪਾਸੇ ਆਰਬਿਟਰ ਦੀ ਉਲਟ ਦਿਸ਼ਾ ’ਚ ਚੱਕਰ ਲਾਵੇਗਾ।
ਇਸਰੋ ਵਿਗਿਆਨਕ ਵਿਕਰਮ ਲੈਂਡਰ ਨੂੰ 4 ਸਤੰਬਰ ਨੂੰ ਸ਼ਾਮ 3 ਤੋਂ 4 ਵਜੇ ਦਰਮਿਆਨ ਚੰਦਰਮਾ ਦੇ ਸਭ ਤੋਂ ਨੇੜੇ ਪਹੁੰਚਾਏਗਾ। ਚੰਦਰਮਾ ਦੇ ਸਭ ਤੋਂ ਨੇੜਲੇ ਪੰਧ ’ਚ ਪਹੁੰਚਣ ਤੋਂ ਬਾਅਦ 5 ਅਤੇ 6 ਸਤੰਬਰ ਨੂੰ ਲਗਾਤਾਰ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦੀ ਸਿਹਤ ਦੀ ਜਾਂਚ ਹੋਵੇਗੀ। 7 ਸਤੰਬਰ ਨੂੰ ਯਾਨ ਚੰਦਰਮਾ ’ਤੇ ਪਹੁੰਚੇਗਾ।