ਨਵੀਂ ਦਿੱਲੀ— ਨਵੀਂ ਦਿੱਲੀ ਦੇ ਚਾਣਕੀਆ ਪੁਰੀ ’ਚ ਸਥਿਤ ਪਾਕਿਸਤਾਨ ਦੂਤਘਰ ਦੇ ਸਾਹਮਣੇ ਸਿੱਖ ਭਾਈਚਾਰੇ ਨੇ ਸਿੱਖ ਕੁੜੀ ਦੇ ਜ਼ਬਰਨ ਧਰਮ ਪਰਿਵਰਤਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਸਿੱਖ ਭਾਈਚਾਰੇ ਸਮੇਤ ਹੋਰਨਾਂ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ’ਚ ਅਗਵਾ ਕੀਤੀ ਗਈ ਕੁੜੀ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪਣ ਅਤੇ ਪਾਕਿਸਤਾਨ ’ਚ ਘੱਟ ਗਿਣਤੀ ਦੀ ਸੁਰੱਖਿਆ ਯਕੀਨੀ ਕਰਨ ਨੂੰ ਲੈ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਇਮਰਾਨ ਖਾਨ ਸਰਕਾਰ ਪਾਕਿਸਤਾਨ ’ਚ ਰਹਿਣ ਵਾਲੇ ਘੱਟ ਗਿਣਤੀ ਦੀ ਸੁਰੱਖਿਆ ਯਕੀਨੀ ਕਰੇ। ਭਾਈਚਾਰੇ ਦੇ ਲੋਕਾਂ ਨੇ ਹੱਥ ’ਚ ਕਾਲੀਆਂ ਝੰਡੀਆਂ ਫੜ ਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਵੀ ਫੂਕਿਆ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਬੈਨਰ ਫੜੇ ਹੋਏ ਸਨ, ਜਿਸ ’ਤੇ ਲਿਖਿਆ ਹੈ- ‘‘ਪਾਕਿਸਤਾਨ ’ਚ ਰਹਿ ਰਹੀ ਘੱਟ ਗਿਣਤੀ ਕੌਮ ਨਾਲ ਧੱਕੇਸ਼ਾਹੀ ਬੰਦ ਕਰੋ, ਉਨ੍ਹਾਂ ਨੂੰ ਆਪਣੇ ਧਾਰਮਿਕ ਅਤੇ ਸਮਾਜਿਕ ਜੀਵਨ ਜਿਉਣ ਦੀ ਆਜ਼ਾਦੀ ਦਿਉ।’’ ਸਿੱਖ ਭਾਈਚਾਰਾ ਪਾਕਿਸਤਾਨ ’ਚ ਜ਼ਬਰਨ ਧਰਮ ਪਰਿਵਰਤਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਉਹ ਇੱਥੇ ਰਹਿ ਰਹੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਦੀ ਵੀ ਮੰਗ ਕਰ ਰਹੇ ਹਨ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ’ਚ ਝੜਪ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਬੈਰੀਕੇਡ ਤੋੜ ਦਿੱਤੇ।
ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਇਕ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਮੁਹੰਮਦ ਹਸਨ ਨਾਂ ਦੇ ਮੁੰਡੇ ਨਾਲ ਨਿਕਾਹ ਕਰਵਾਇਆ ਗਿਆ। ਇਸ ਗੱਲ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਹੈ। ਜਗਜੀਤ ਕੌਰ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਹੈ।