ਪਠਾਨਕੋਟ : ਅੱਜ ਦਾ ਦਿਨ ਹਰੇਕ ਭਾਰਤ ਵਾਸੀ ਲਈ ਮਾਣ ਦਾ ਦਿਨ ਹੈ। ਅੱਜ ਭਾਰਤੀ ਹਵਾਈ ਫੌਜ ਹੋਰ ਵੀ ਸ਼ਕਤੀਸ਼ਾਲੀ ਹੋ ਗਈ ਹੈ ਤੇ ਇਹ ਤਾਕਤ ਵਧਾਈ ਹੈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰ ਅਪਾਚੇ ਨੇ। ਜੀ ਹਾਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਦੀ ਮੌਜੂਦਗੀ ‘ਚ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.)ਦੇ ਬੇੜੇ ‘ਚ 8 ਅਪਾਚੇ ਹੈਲੀਕਾਪਟਰ ਸ਼ਾਮਲ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਅਪਾਚੇ ਨੂੰ ਪਾਕਿਸਤਾਨ ਤੋਂ ਕਰੀਬ 25 ਤੋਂ 30 ਕਿਲੋਮੀਟਰ ਦੂਰ ਪੰਜਾਬ ਦੇ ਪਠਾਨਕੋਟ ਏਅਰਬੇਸ ‘ਤੇ ਤਾਇਨਾਤ ਕੀਤਾ ਗਿਆ ਹੈ । ਇਹ ਉਹ ਹੀ ਪਠਾਨਕੋਟ ਏਅਰਬੇਸ ਹੈ ਜਿਥੇ 2016 ‘ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਸੀ ਤੇ ਏਅਰਬੇਸ ‘ਚ ਸ਼ਾਮਲ ਕਰਨ ਤੋਂ ਪਹਿਲਾਂ ਹੈਲੀਕਾਪਟਰ ਦੇ ਸਾਹਮਣੇ ਨਾਰੀਅਲ ਭੰਨ੍ਹ ਕੇ ਰਸਮੀ ਤੌਰ ‘ਤੇ ਇਸ ਨੂੰ ਭਾਰਤੀ ਫੌਜ ‘ਚ ਸ਼ਾਮਲ ਕੀਤਾ ਗਿਆ।
ਆਓ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਖਾਸ ਹੈ ਅਪਾਚੇ
ਅਪਾਚੇ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਹੈਲੀਕਾਪਟਰਾਂ ‘ਚੋਂ ਇਕ ਹੈ। ਅਪਾਚੇ ਏ-ਐੱਚ 64 ਈ ਹੈਲੀਕਾਪਟਰ 60 ਫੁੱਟ ਉੱਚਾ ਤੇ 50 ਫੁੱਟ ਚੌੜਾ ਹੈ ਜਿਸ ਨੂੰ ਉਡਾਉਣ ਲਈ 2 ਪਾਈਲਟ ਹੋਣੇ ਜ਼ਰੂਰੀ ਹਨ। ਅਪਾਚੇ ਹੈਲੀਕਾਪਟਰ ਦੇ ਵੱਡੇ ਵਿੰਗ ਨੂੰ ਚਲਾਉਣ ਲਈ 2 ਇੰਜਨ ਹੁੰਦੇ ਹਨ। ਇਸ ਵਜ੍ਹਾ ਨਾਲ ਇਸ ਦੀ ਰਫਤਾਰ ਬਹੁਤ ਜ਼ਿਆਦਾ ਹੈ। 2 ਸੀਟਰ ਇਸ ਹੈਲੀਕਪਾਟਰ ‘ਚ ਹੇਲੀਫਾਇਰ ਤੇ ਸਟ੍ਰਿੰਗਰ ਮਿਸਾਇਲਾਂ ਲੱਗੀਆਂ ਹਨ। ਇਸ ‘ਚ ਇਕ ਸੈਂਸਰ ਵੀ ਲੱਗਾ ਹੈ ਜਿਸ ਦੀ ਵਜ੍ਹਾ ਨਾਲ ਇਹ ਹੈਲੀਕਾਪਟਰ ਰਾਤ ‘ਚ ਵੀ ਆਪਰੇਸ਼ਨ ਨੂੰ ਅੰਜਾਮ ਦੇ ਸਕਦਾ ਹੈ। ਇਸ ਹੈਲੀਕਾਪਟਰ ਦੀ ਆਧੁਨੀਕਤਾ ਸਪੀਡ 280 ਕਿਲੋਮੀਟਰ ਪ੍ਰਤੀ ਘੰਟਾ ਹੈ। ਅਪਾਚੇ ਹੈਲੀਕਾਪਟਰ ਦਾ ਡਿਜ਼ਾਇਨ ਅਜਿਹਾ ਹੈ ਕਿ ਇਸ ਨੂੰ ਰਡਾਰ ‘ਤੇ ਕਾਬੂ ਕਰਨਾ ਮੁਸ਼ਕਿਲ ਹੈ। ਹਥਿਆਰਾਂ ਨਾਲ ਲੈਸ ਤੇ ਤੇਜ਼ ਗਤੀ ਨਾਲ ਰਫਤਾਰ ਭਰਦਾ ਅਪਾਚੇ ਹੈਲੀਕਾਪਟਰ ਜ਼ਮੀਨ ਤੋਂ ਹੋਣ ਵਾਲੇ ਤਮਾਮ ਹਮਲਿਆਂ ਦਾ ਜਵਾਬ ਦੇ ਸਕਦਾ ਹੈ। ਆਪਣੇ ਮਿਲੀਮੀਟਰ ਵੇਵ ਰਡਾਰ ਦੀ ਮਦਦ ਨਾਲ ਇਹ ਹਥਿਆਰਾਂ ਨਾਲ ਲੈਸ ਦੁਸ਼ਮਣਾਂ ਦੀ ਮੌਜੂਦਗੀ ਦਾ ਪਤਾ ਲਗਾ ਸਕਦਾ ਹੈ। ਇਸ ਦੀ ਮਸ਼ੀਨਗਨ ‘ਚ ਇਕ ਵਾਰ ‘ਚ ਕਰੀਬ 1200 ਰਾਊਂਡ ਭਰੇ ਜਾ ਸਕਦੇ ਹਨ ਤੇ ਇਸ ਦੀ ਇਕ ਮਿਸਾਈਲ ਇਕ ਟੈਂਕ ਨੂੰ ਤਬਾਹ ਕਰਨ ਲਈ ਕਾਫੀ ਹੈ।
ਜ਼ਿਕਰਯੋਗ ਹੈ ਕਿ ਹਵਾਈ ਸੈਨਾ ਨੇ 22 ਅਪਾਚੇ ਹੈਲੀਕਾਪਟਰਾਂ ਲਈ ਸਤੰਬਰ 2015 ‘ਚ ਅਮਰੀਕੀ ਸਰਕਾਰ ਤੋਂ ਬੋਇੰਗ ਲਿਮਟਿਡ ਨਾਲ ਡੀਲ ਕੀਤੀ ਸੀ। ਬੋਇੰਗ ਵਲੋਂ 27 ਜੁਲਾਈ ਨੂੰ 22 ਹੈਲੀਕਾਪਟਰਾਂ ‘ਚੋਂ ਪਹਿਲੇਂ ਚਾਰ ਹੈਲੀਕਾਪਟਰਜ਼ ਦੇ ਦਿੱਤੇ ਗਏ ਸਨ ਤੇ ਹੁਣ 8 ਅਪਾਚੇ ਹੈਲੀਕਾਪਟਰ ਇੰਡੀਅਨ ਏਅਰਫੋਰਸ ‘ਚ ਸ਼ਾਮਲ ਕੀਤੇ ਗਏ ਹਨ। ਬਿਨਾਂ ਸ਼ੱਕ ਜੰਗੀ ਏ ਐੱਚ-64 ਈ ਹੈਲੀਕਾਪਟਰਜ਼ ਦੁਨੀਆ ਦੇ ਸਭ ਤੋਂ ਵੱਧ ਅਗਾਂਹ-ਵਧੂ ਬਹੁ-ਭੂਮਿਕਾ ਵਾਲੇ ਜੰਗੀ ਹੈਲੀਕਾਪਟਰ ਹਨ ਤੇ ਅਮਰੀਕੀ ਫੌਜ ਵੀ ਇਹੋ ਵਰਤਦੀ ਹੈ। ਇਨ੍ਹਾਂ ਨਾਲ ਆਈ.ਏ. ਐੱਫ. ਦੀ ਸਮਰੱਥਾ ਯਕੀਨੀ ਤੌਰ ‘ਤੇ ਵੱਧ ਜਾਵੇਗੀ।