ਹਰਿਆਣਾ— ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ 4 ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਇਹ ਵਿਧਾਇਕ ਜਨਨਾਇਕ ਜਨਤਾ ਦਲ (ਜੇ.ਜੇ.ਪੀ.) ਦੇ ਸਮਰਥਨ ‘ਚ ਹਨ, ਜਿਸ ਕਾਰਨ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਇਹ ਅਸਤੀਫ਼ੇ ਦਿੱਤੇ। ਸਪੀਕਰ ਨੇ ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਇਨ੍ਹਾਂ ਵਿਧਾਇਕ ਦੇ ਨਾਂ ਅਨੂਪ ਧਾਨਕ, ਨੈਨਾ ਚੌਟਾਲਾ, ਰਾਜਦੀਪ ਫੌਗਟ, ਪ੍ਰਿਥੀ ਨੰਬਰਦਾਰ ਹਨ। ਜ਼ਿਕਰਯੋਗ ਹੈ ਕਿ ਦਲਬਦਲ ਨੂੰ ਲੈ ਕੇ ਦਿੱਤੀ ਗਈ ਪਟੀਸ਼ਨ ਦੇ ਮਾਮਲੇ ‘ਚ ਵਿਧਾਨ ਸਭਾ ਸਪੀਕਰ ਕੰਵਰਲਾਲ ਗੁੱਜਰ ਨੇ ਚਾਰਾਂ ਵਿਧਾਇਕਾਂ ਨੂੰ ਅੱਜ ਯਾਨੀ ਮੰਗਲਵਾਰ ਨੂੰ ਆਪਣਾ ਪੱਖ ਰੱਖਣ ਦਾ ਆਖਰੀ ਮੌਕਾ ਦਿੱਤਾ ਸੀ। ਮੰਗਲਵਾਰ ਨੂੰ ਚਾਰੋਂ ਵਿਧਾਇਕ ਵਿਧਾਨ ਸਭਾ ਸਪੀਕਰ ਨੂੰ ਮਿਲਣ ਪੁੱਜੇ ਅਤੇ ਆਪਣੇ ਅਸਤੀਫ਼ੇ ਸੌਂਪ ਦਿੱਤੇ।
ਇਸ ਮਾਮਲੇ ‘ਤੇ ਵਿਧਾਨ ਸਭਾ ਸਪੀਕਰ ਕੁੰਵਰਲਾਲ ਗੁੱਜਰ ਨੇ ਕਿਹਾ ਕਿ ਮੈਨੂੰ ਇਨੈਲੋ ਦੇ 4 ਵਿਧਾਇਕਾਂ ਨੇ ਅਸਤੀਫ਼ੇ ਸੌਂਪੇ ਹਨ, ਜਿਨ੍ਹਾਂ ਨੂੰ ਮੈਂ ਸਵੀਕਾਰ ਕਰ ਲਿਆ ਹੈ। ਜੋ ਪਟੀਸ਼ਨ ਮੇਰੇ ਕੋਲ ਪਹਿਲਾਂ ਤੋਂ ਲਗਾਈ ਗਈ ਹੈ, ਉਸ ‘ਤੇ ਮੈਂ ਪਹਿਲਾਂ ਦੀ ਤਰ੍ਹਾਂ ਹੀ ਸੁਣਵਾਈ ਕਰਾਂਗਾ। ਜੇਕਰ ਪਟੀਸ਼ਨਕਰਤਾ ਇਹ ਸਾਬਤ ਕਰ ਦਿੰਦੇ ਹਨ ਕਿ ਇਨ੍ਹਾਂ ਵਿਧਾਇਕਾਂ ਨੇ ਦਲ ਬਦਲ ਕੀਤਾ ਹੈ ਤਾਂ ਇਨ੍ਹਾਂ ‘ਤੇ ਕਾਰਵਾਈ ਹੋਵੇਗੀ। ਗੁੱਜਰ ਨੇ ਕਿਹਾ ਕਿ ਅਸਤੀਫਾ ਦੇਣ ਨਾਲ ਪਟੀਸ਼ਨ ‘ਤੇ ਕੋਈ ਵੀ ਪ੍ਰਭਾਵ ਨਹੀਂ ਪਵੇਗਾ।