ਕਾਂਗੜਾ— ਭਾਖੜਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਪੌਂਗ ਡੈਮ ਖਤਰੇ ਦੇ ਨੇੜੇ ਪਹੁੰਚ ਗਿਆ ਹੈ। ਹਿਮਾਚਲ ‘ਚ ਅਗਲੇ ਦੋ ਦਿਨਾਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਕਾਰਨ ਪਾਣੀ ਦਾ ਪੱਧਰ 1387 ਤੋਂ ਪਾਰ ਪਹੁੰਚਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਅਜਿਹੇ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਪ੍ਰਸ਼ਾਸਨ ਨੇ ਕਾਂਗੜਾ ਸਮੇਤ ਹੋਰ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਪੌਂਗ ਡੈਮ ‘ਚ ਪਾਣੀ ਦੀ ਸਮਰੱਥਾ ਲੈਵਲ 1387 ਫੁੱਟ ਦਾ ਹੈ, ਜਦਕਿ ਮੰਗਲਵਾਰ ਸਵੇਰੇ 6.00 ਵਜੇ ਇਸ ਵਿਚ 1386.47 ਫੁੱਟ ਪਾਣੀ ਰਿਕਾਰਡ ਕੀਤਾ ਜਾ ਚੁੱਕਾ ਹੈ। ਰੋਜ਼ਾਨਾ 30,000 ਕਿਊਸਿਕ ਪਾਣੀ ਡੈਮ ‘ਚ ਆ ਰਿਹਾ ਹੈ। ਆਮ ਤੌਰ ‘ਤੇ ਡੈਮ ‘ਚ ਟਰਬਾਈਨਾਂ ਜ਼ਰੀਏ 12,000 ਕਿਊਸਿਕ ਪਾਣੀ ਛੱਡਿਆ ਜਾਂਦਾ ਹੈ। ਦੋ ਦਿਨਾਂ ‘ਚ 14,000 ਕਿਊਸਿਕ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ। ਬੀ. ਬੀ. ਐੱਮ. ਬੀ. ਤਕਨੀਕੀ ਕਮੇਟੀ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਪੌਂਗ ਡੈਮ ਨੂੰ 1387 ਫੁੱਟ ਤੋਂ ਵਧ ਨਹੀਂ ਭਰਿਆ ਜਾ ਸਕਦਾ, ਇਸ ਨਾਲ ਖਤਰਾ ਹੋ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਪਾਣੀ ਦਾ ਪੱਧਰ 1387 ਫੁੱਟ ਤੋਂ ਪਾਰ ਜਾ ਸਕਦਾ ਹੈ, ਇਸ ਲਈ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਤਕ 26,000 ਕਿਊਸਿਕ ਪਾਣੀ ਛੱਡੇ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਦੇ ਤਲਵਾੜਾ, ਮੁਕੇਰੀਆਂ, ਦਸੂਹਾ ਅਤੇ ਗੁਰਦਾਸਪੁਰ ਦੇ ਕਈ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਵਿਚ ਸੈਂਕੜੇ ਪਿੰਡ ਹੜ੍ਹ ਦੀ ਲਪੇਟ ਵਿਚ ਆ ਚੁੱਕੇ ਹਨ। ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ‘ਚ ਅਜੇ ਵੀ ਬਚਾਅ ਕੰਮ ਜਾਰੀ ਹੈ। ਫਸਲਾਂ ਨੂੰ ਨੁਕਸਾਨ ਹੋਇਆ ਹੈ ਅਤੇ ਸਰਕਾਰ ਲਈ ਇਸ ਦੀ ਭਰਪਾਈ ਕਰਨਾ ਮੁਸ਼ਕਲ ਹੋ ਗਿਆ ਹੈ।