ਮੈਸੂਰ— ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਛੋਟੀ ਜਿਹੀ ਗੱਲ ‘ਤੇ ਗੁੱਸਾ ਆ ਜਾਂਦਾ ਹੈ। ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਸਿੱਧਰਮਈਆ ਆਪਣੇ ਇਕ ਸਹਿਯੋਗੀ ਨੂੰ ਛੱਪੜ ਮਾਰਦੇ ਨਜ਼ਰ ਆ ਰਹੇ ਹਨ। ਘਟਨਾ ਮੈਸੂਰ ਏਅਰਪੋਰਟ ਦੀ ਦੱਸੀ ਜਾ ਰਹੀ ਹੈ। ਜਿਸ ਸ਼ਖਸ ਨੂੰ ਸਿੱਧਰਮਈਆ ਨੇ ਥੱਪੜ ਮਾਰਿਆ ਹੈ, ਉਹ ਕਾਂਗਰਸ ਦਾ ਹੀ ਦੱਸਿਆ ਜਾ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਮੋਬਾਇਲ ਫੋਨ ਤੋਂ ਕਿਸੇ ਨੂੰ ਫੋਨ ਕਰਨ ਤੋਂ ਬਾਅਦ ਇਸ ਸ਼ਖਸ ਨੇ ਸਿੱਧਰਮਈਆ ਨਾਲ ਗੱਲ ਕਰਨ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਪੀੜਤ ਸ਼ਖਸ ਨੇ ਕਿਸੇ ਅਧਿਕਾਰੀ ਤੋਂ ਆਪਣੀ ਸਿਫ਼ਾਰਿਸ਼ ਕਰਨ ਲਈ ਸਿੱਧਰਮਈਆ ਨੂੰ ਆਪਣਾ ਫੋਨ ਫੜਾਇਆ ਤਾਂ ਉਹ ਭੜਕ ਗਏ ਅਤੇ ਉਨ੍ਹਾਂ ਨੇ ਉਸ ਨੂੰ ਥੱਪੜ ਮਾਰ ਦਿੱਤਾ।
ਇਹ ਪੂਰੀ ਘਟਨਾ ਕੈਮਰੇ ‘ਚ ਰਿਕਾਰਡ ਹੋ ਗਈ। ਸਿੱਧਰਮਈਆ ਦੇ ਇਸ ਰਵੱਈਏ ਦੀ ਆਲੋਚਨਾ ਹੋ ਰਹੀ ਹੈ। ਸਿੱਧਰਮਈਆ ਦੇ ਦਫ਼ਤਰ ਵਲੋਂ ਇਸ ਮਾਮਲੇ ‘ਚ ਕਿਹਾ ਗਿਆ ਹੈ ਕਿ ਥੱਪੜ ਖਾਣ ਵਾਲਾ ਸ਼ਖਸ ਉਨ੍ਹਾਂ ਦੀ ਪਾਰਟੀ ਦਾ ਹੈ। ਮੰਨਿਆ ਜਾ ਰਿਹਾ ਹੈ ਕਰਨਾਟਕ ‘ਚ ਹਾਲ ਦੇ ਸਿਆਸੀ ਘਟਨਾਕ੍ਰਮਾਂ ਤੋਂ ਸਿੱਧਰਮਈਆ ਖੁਸ਼ ਨਹੀਂ ਹਨ ਅਤੇ ਇਸੇ ਕਾਰਨ ਉਹ ਆਪਾ ਗਵਾ ਬੈਠੇ। ਪਹਿਲਾਂ ਕਰਨਾਟਕ ‘ਚ ਜੇ.ਡੀ.ਐੱਸ.-ਕਾਂਗਰਸ ਦੀ ਗਠਜੋੜ ਸਰਕਾਰ ਡਿੱਗੀ ਅਤੇ ਫਿਰ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ‘ਚ ਭਾਜਪਾ ਨੇ ਸਰਕਾਰ ਬਣਾ ਲਈ।