ਲੰਡਨ— ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਖਤਮ ਕਰਨ ਦੇ ਖਿਲਾਫ ਪਾਕਿਸਤਾਨੀ ਸਮੂਹਾਂ ਦੀ ਅਗਵਾਈ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀ ਇਥੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਇਕੱਠੇ ਹੋਏ ਤੇ ਇਸ ਦੌਰਾਨ ਹੋਈ ਝੜਪ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
‘ਕਸ਼ਮੀਰ ਫਰੀਡਮ ਮਾਰਚ’ ਮੰਗਲਵਾਰ ਨੂੰ ਇਥੇ ਪਾਰਲੀਮੈਂਟ ਸਕੁਆਇਰ ਤੋਂ ਸ਼ੁਰੂ ਹੋਇਆ ਤੇ ਇੰਡੀਆ ਹਾਊਸ ਵੱਲ ਵਧਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇ ਲਾਏ। ਉਨ੍ਹਾਂ ਦੇ ਹੱਥਾਂ ‘ਚ ਭਾਰਤ ਵਿਰੋਧੀ ਤਖਤੀਆਂ ਵੀ ਸਨ। ਸਕਾਟਮੈਂਡ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ‘ਤੇ ਨਜ਼ਰ ਰੱਖਣ ਲਈ ਲੋੜੀਂਦਾ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ। ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਅਪਰਾਧਿਕ ਨੁਕਸਾਨ ਦੇ ਲਈ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਘਟਨਾ ਨੂੰ ਅਸਵਿਕਾਰਯੋਗ ਵਿਵਹਾਰ ਦੱਸਿਆ ਤੇ ਪੁਲਸ ਨੂੰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਵਿਵਹਾਰ ਦੀ ਨਿੰਦਾ ਕਰਦਾ ਹਾਂ ਤੇ ਕਾਰਵਾਈ ਦੇ ਲਈ ਪੁਲਸ ਸਾਹਮਣੇ ਇਹ ਮੁੱਦਾ ਚੁੱਕਿਆ ਹੈ। ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਦੇ ਬਕਿੰਘਮ ਤੋਂ ਸੰਸਦ ਮੈਂਬਰ ਲਿਆਮ ਬਾਈਰਨ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ ਤੇ ਉਹ ਉਨ੍ਹਾਂ ਨੇਤਾਵਾਂ ‘ਚੋਂ ਇਕ ਹਨ, ਜਿਨ੍ਹਾਂ ਨੇ ਬੀਤੇ ਦਿਨ ਹੋਏ ਪ੍ਰਦਰਸ਼ਨ ਦਾ ਸਮਰਥਨ ਕੀਤਾ ਸੀ।
ਭਾਰਤੀ ਮੂਲ ਦੇ ਸੰਸਦ ਮੈਂਬਰ ਸ਼ੈਲੇਸ਼ ਵਾਰਾ ਨੇ ਹਾਊਸ ਆਫ ਕਾਮਨਸ ‘ਚ ਇਹ ਮੁੱਦਾ ਚੁੱਕਿਆ ਤੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੂੰ ਇਸ ਘਟਨਾ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਰਾਬ ਨੇ ਕਿਹਾ ਕਿ ਕੋਈ ਵੀ ਹਿੰਸਾ ਨਿੰਦਣਯੋਗ ਹੈ। ਇਸ ਦੇਸ਼ ‘ਚ ਜਾਂ ਕਿਤੇ ਵੀ ਕਿਸੇ ਵੀ ਭਾਈਚਾਰੇ ਵਲੋਂ ਹਿੰਸਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।