ਲੁਧਿਆਣਾ : ਦੇਸ਼ ਦੀ ਜੀ. ਡੀ. ਪੀ. ਹੁਣ ਤਾਜ਼ਾ ਆਂਕੜਿਆਂ ਮੁਤਾਬਕ 5 ਫੀਸਦੀ ਹੀ ਰਹਿ ਗਈ ਹੈ, ਜੋ ਪਿਛਲੇ ਪੰਜ ਸਾਲਾਂ ‘ਚ ਸਭ ਤੋਂ ਘੱਟ ਹੈ, ਜਿਸ ਕਾਰਨ ਆਟੋਮੋਬਾਇਲ, ਹੌਜਰੀ ਸਾਈਕਲ ਲਗਭਗ ਹਰ ਇੰਡਸਟਰੀ ਨੂੰ ਘਾਟਾ ਪੈ ਰਿਹਾ ਹੈ ਅਤੇ ਮੇਕ ਇਨ ਇੰਡੀਆ ਪ੍ਰਾਜੈਕਟ ਨੂੰ ਵੱਡੀ ਢਾਹ ਲੱਗੀ ਹੈ। ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਵਿਸ਼ਵ ‘ਚ ਮਸ਼ਹੂਰ ਹੈ ਪਰ ਹੁਣ ਇਹ ਵੀ ਮੰਦੀ ਦੀ ਮਾਰ ਝੱਲ ਰਹੀ ਹੈ। ਹੌਜ਼ਰੀ ਸਨਅਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੈਨੂਫੈਕਚਰਿੰਗ ਅਤੇ ਬਾਜ਼ਾਰ ਦੀ ਡਿਮਾਂਡ ਦੋਵੇਂ ਘੱਟ ਗਈਆਂ ਹਨ, ਜਿਸ ਕਰਕੇ ਲੇਬਰ ਵਿਹਲੀ ਹੋ ਗਈ ਹੈ।
‘ਜਗਬਾਣੀ’ ਦੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਸਨਅਤਕਾਰਾਂ ਨੇ ਕਿਹਾ ਕਿ ਦੇਸ਼ ਦੀ ਗ੍ਰੋਥ ਇਸ ਵੇਲੇ 5 ਫੀਸਦੀ ਰਹਿ ਗਈ ਹੈ, ਜਿਸ ਕਰਕੇ ਸਾਰੀਆਂ ਸਨਅਤਾਂ ਮੰਦੀ ‘ਚ ਜਾ ਰਹੀਆਂ ਹਨ। ਖਾਸ ਕਰਕੇ ਰੈਡੀਮੇਡ ਦਾ ਕਾਰੋਬਾਰ ਲਗਭਗ ਬੰਦ ਹੋਣ ਦੀ ਕਗਾਰ ‘ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ‘ਚ ਗਾਹਕ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਮੈਨੂਫੈਕਚਰਿੰਗ ਵੀ ਘਟਾਉਣੀ ਪਈ ਹੈ ਅਤੇ ਲੇਬਰ ਵਿਹਲੀ ਹੋਣ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੁਣ ਵਧਣ ਲੱਗੀ ਹੈ। ਸਨਅਤਕਾਰਾਂ ਨੇ ਕਿਹਾ ਕਿ ਸਰਕਾਰ ਨੇ ਇੰਡਸਟਰੀ ਨੂੰ ਬਚਾਉਣ ਲਈ ਕੋਈ ਵੀ ਪਾਲਿਸੀ ਨਹੀਂ ਬਣਾਈ, ਜਿਸ ਕਰਕੇ ਲੁਧਿਆਣੇ ਸਨਅਤਕਾਰ ਮੰਦੀ ਦੀ ਮਾਰ ਹੇਠ ਹੈ।