ਦੀਨਾਨਗਰ – ਪੰਚਾਇਤੀ ਚੋਣਾਂ ਦੇ 11 ਮਹੀਨੇ ਬੀਤ ਜਾਣ ਦੇ ਬਾਅਦ ਅੱਜ ਵਿਧਾਨਸਭਾ ਹਲਕਾ ਦੀਨਾਨਗਰ ਵਿਚ ਕੈਬਿਨਟ ਮੰਤਰੀ ਅਰੁਣਾ ਚੌਧਰੀ ਦੀ ਅਗਵਾਈ ਵਿਚ ਬਲਾਕ ਸੰਮਤੀ ਚੇਅਰਮੈਨ ਆਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਮੁਕੰਮਲ ਹੋਈ ਹੈ । ਜਿਸ ਵਿਚ ਸਰਬ ਸੰਮਤੀ ਨਾਲ ਹਰਵਿੰਦਰ ਸਿੰਘ ਭੱਟੀ ਨੂੰ ਦੀਨਾਨਗਰ ਬਲਾਕ ਦਾ ਚੇਅਰਮੈਨ ਅਤੇ ਰਾਜ ਰਾਣੀ ਨੂੰ ਵਾਈਸ ਚੇਅਰਮੈਨ ਅਤੇ ਬਲਾਕ ਦੋਰਾਗਲਾ ‘ਚ ਅਮਰਜੀਤ ਸਿੰਘ ਨੂੰ ਬਲਾਕ ਚੇਅਰਮੈਨ ਅਤੇ ਰਣਜੀਤ ਸਿੰਘ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਵਿਧਾਨਸਭਾ ਹਲਕਾ ਦੀਨਾਨਗਰ ‘ਚ 33 ਬਲਾਕ ਸੰਮਤੀ ਮੈਂਬਰ ਹਨ, ਜੋ ਕਾਂਗਰਸ ਪਾਰਟੀ ਦੇ ਹੀ ਜੇਤੂ ਉਮੀਦਵਾਰ ਹਨ।
ਮੀਡੀਆ ਨਾਲ ਗੱਲਬਾਤ ਦੋਰਾਨ ਕੈਬਿਨਟ ਮੰਤਰੀ ਅਰੁਣਾ ਚੌਧਰੀ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਰਿਆਂ ਮੈਂਬਰਾਂ ਨੂੰ ਇੱਕਮੁੱਠ ਹੋ ਕੇ ਚੱਲਣ ਤੇ ਹਰ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਹੀ ਸੰਮਤੀ ਮੈਂਬਰ ਹੀ ਚੇਅਰਮੈਨ ਹਨ। ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਰੇ ਸੰਮਤੀ ਮੈਂਬਰਾ ਨੇ ਉਕਤ ਨਾਮਾਂ ‘ਤੇ ਸਰਬ ਸੰਮਤੀ ਨਾਲ ਮੋਹਰ ਲਗਾਈ ਹੈ।
ਇਸ ਮੌਕੇ ਨਵ ਨਿਯੁਕਤ ਬਲਾਕ ਸੰਮਤੀ ਚੇਅਰਮੈਨ ਨੇ ਕਿਹਾ ਕਿ ਕੈਬਿਨਟ ਮੰਤਰੀ ਅਰੁਣਾ ਚੌਧਰੀ ਵਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਚ ਪਹੁੰਚਣ ਉਪਰੰਤ ਸਰਬ ਸੰਮਤੀ ਨਾਲ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਹੋਈ ਹੈ। ਜਿਸ ‘ਚ ਹਰਵਿੰਦਰ ਸਿੰਘ ਭੱਟੀ ਨੂੰ ਦੀਨਾਨਗਰ ਬਲਾਕ ਦਾ ਚੇਅਰਮੈਨ ਅਤੇ ਬਲਾਕ ਦੋਰਾਗਲਾ ਚ ਅਮਰਜੀਤ ਸਿੰਘ ਨੂੰ ਬਲਾਕ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਹ ਨਿਰਪੱਖ ਹੋ ਕੇ ਕੰਮ ਕਰਣਗੇ ਅਤੇ ਵਿਧਾਨਸਭਾ ਹਲਕਾ ਦੀਨਾਨਗਰ ਦਾ ਵਿਕਾਸ ਕਰਵਾਉਣਗੇ।