ਸ਼ਿਮਲਾ—ਹਿਮਾਚਲ ਦੇ ਸ਼ਿਮਲਾ ਜ਼ਿਲੇ ’ਚ ਅੱਜ ਭਾਵ ਬੁੱਧਵਾਰ ਨੂੰ ਸੇਬਾਂ ਨਾਲ ਭਰਿਆਂ ਟਰੱਕ ਡੂੰਘੀ ਖੱਡ ’ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਔਰਤਾਂ ਸਮੇਤ 3 ਹੋਰ ਜ਼ਖਮੀ ਹੋ ਗਏ। ਮਿ੍ਰਤਕ ਦੀ ਪਹਿਚਾਣ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ 42 ਸਾਲਾਂ ਟਰੱਕ ਡਰਾਈਵਰ ਹਰਨਾਮ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਉਸ ਦਾ ਸਾਥੀ ਬਿਹਾਰ ਦੇ ਵੈਸ਼ਾਲੀ ਜ਼ਿਲੇ ਦਾ ਸੁਧੀਰ ਕੁਮਾਰ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਸ਼ਿਮਲਾ ਪੁਲਸ ਮੁਖੀ ਓਮਪਤੀ ਜਾਮਵਾਲ ਨੇ ਦੱਸਿਆ ਹੈ ਕਿ ਜਦੋਂ ਟਰੱਕ ਡੂੰਘੀ ਖੱਡ ’ਚ ਡਿੱਗਿਆ ਤਾਂ ਇੱਕ ਮਕਾਨ ਵੀ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਮਕਾਨ ’ਚ ਮੌਜੂਦ 2 ਔਰਤਾਂ ਜ਼ਖਮੀ ਹੋ ਗਈਆਂ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਦੀ ਪਹਿਚਾਣ ਵਿਮਲਾ (18) ਅਤੇ ਧਾਨੀ ਕਲਾ (50) ਦੇ ਰੂਪ ’ਚ ਹੋਈ। ਮੌਕੇ ’ਤੇ ਪਹੁੰਚੇ ਬਚਾਅ ਕਰਮਚਾਰੀਆਂ ਨੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਸਥਾਨਿਕ ਲੋਕਾਂ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਕਰਮਚਾਰੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ।