ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ‘ਚ ਵੀਰਵਾਰ ਦੁਪਹਿਰ ਇਕ ਤਿੰਨ ਮੰਜ਼ਲਾਂ ਇਮਾਰਤ ਡਿੱਗ ਗਈ। ਇਮਾਰਤ ਡਿੱਗਣ ਨਾਲ ਮਲਬੇ ਦੇ ਅੰਦਰ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫਿਲਹਾਲ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜਾਣਕਾਰੀ ਅਨੁਸਾਰ ਅਹਿਮਦਾਬਾਦ ਦੇ ਅਮਰਾਏਵਾੜੀ ‘ਚ ਇਹ ਹਾਦਸਾ ਹੋਇਆ ਸੀ। ਰਾਹਤ ਅਤੇ ਬਚਾਅ ਕੰਮ ਦੌਰਾਨ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਜਾ ਚੁਕਿਆ ਹੈ। ਸਾਰਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ‘ਚ ਇਕ 70 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਲੋਕਾਂ ਦੇ ਹਾਲੇ ਵੀ ਮਲਬੇ ‘ਚ ਦਬੇ ਹੋਣ ਦਾ ਖਦਸ਼ਾ ਹੈ। ਤਿੰਨ ਮੰਜ਼ਲਾਂ ਇਮਾਰਤ ਡਿੱਗਣ ਨਾਲ ਨੇੜੇ-ਤੇੜੇ ਦੇ ਲੋਕ ਡਰੇ ਹੋਏ ਹਨ। ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨਾਲ ਸਥਾਨਕ ਲੋਕ ਵੀ ਰਾਹਤ ਅਤੇ ਬਚਾਅ ਕੰਮ ‘ਚ ਜੁਟੇ ਹਨ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇਮਾਰਤ ਮਕਾਨ ਮਾਲਕ ਨੇ ਕਿਰਾਏ ‘ਤੇ ਦਿੱਤੀ ਹੋਈ ਸੀ ਅਤੇ ਇਸ ‘ਚ ਸਾਰੇ ਕਿਰਾਏਦਾਰ ਰਹਿੰਦੇ ਸਨ। ਇਮਾਰਤ ਦੇ ਮਲਬੇ ‘ਚੋਂ ਬਜ਼ੁਰਗ ਔਰਤ ਦੀ ਲਾਸ਼ ਕੱਢੀ ਗਈ ਹੈ, ਜਦੋਂ ਕਿ 4 ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਦਿੱਲੀ ਦੇ ਸੀਲਮਪੁਰ ਇਲਾਕੇ ‘ਚ ਇਕ ਚਾਰ ਮੰਜ਼ਲਾਂ ਇਮਾਰਤ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋਏ ਸਨ।