ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚ ਇਕ ਵਾਰ ਫਿਰ ਏਕਤਾ ਦੇ ਸੁਰ ਦਿਖਾਈ ਦੇਣ ਲੱਗੇ ਹਨ। ‘ਆਪ’ ਦੀਆਂ ਸਾਰੀਆਂ ਧਿਰਾਂ ਦੇ ਵਿਧਾਇਕਾਂ ਵਲੋਂ ਬੀਤੇ ਦਿਨ ਸਾਂਝੇ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ‘ਤੇ ਮੰਗ ਪੱਤਰ ਦੇਣ ਤੋਂ ਇਹ ਸੰਕੇਤ ਮਿਲੇ ਹਨ। ਪਿਛਲੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾਈ ਬੈਠੇ ਵਿਧਾਇਕ ਅਮਨ ਅਰੋੜਾ, ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਪਾਰਟੀ ਤੋਂ ਬਾਗੀ ਚੱਲਦੇ ਆ ਰਹੇ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਜਗਦੇਵ ਸਿੰਘ ਕਮਾਲੂ ਨੇ ਸਾਂਝੇ ਤੌਰ ‘ਤੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਸੀ।
ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਉਹ ਅੱਜ ਵੀ ‘ਆਪ’ ਦੇ ਵਿਧਾਇਕ ਹਨ ਅਤੇ ਏਕਤਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਜਿਸ ਦਿਨ ਦੇ ਪਾਰਟੀ ਤੋਂ ਨਾਰਾਜ਼ ਹੋਏ ਹਨ, ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਭਗਵੰਤ ਮਾਨ, ਹਰਪਾਲ ਚੀਮਾ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਹ ਹਮੇਸ਼ਾ ਗੱਲਬਾਤ ਰਾਹੀਂ ਮਤਭੇਦ ਦੂਰ ਕਰਨ ਦੇ ਹਾਮੀ ਰਹੇ ਹਨ ਪਰ ਪਾਰਟੀਆਂ ਦੇ ਆਗੂਆਂ ਨੇ ਕਦੇ ਵੀ ਉਨ੍ਹਾਂ ਕੋਲ ਸੰਜੀਦਾ ਪਹੁੰਚ ਨਹੀਂ ਕੀਤੀ।
ਹੁਣ ਅਰੋੜ ਏਕਤਾ ਦੇ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਕੁਝ ਆਸ ਬੱਝੀ ਹੈ। ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਪੰਜਾਬ ‘ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਡਾ. ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ ਅਤੇ ਸੁੱਚਾ ਸਿੰਘ ਛੋਟੇਪੁਰ ਸਮੇਤ ਸਾਰਿਆਂ ਨੂੰ ਇਕਜੁੱਟ ਕਰਨ ਲਈ ਯਤਨ ਵਿੱਢਣੇ ਚਾਹੀਦੇ ਹਨ ਅਤੇ ਅਰੋੜਾ ਨੇ ਚੰਗੀ ਸ਼ੁਰੂਆਤ ਕੀਤੀ ਹੈ।