ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸੰਚਾਰ ਵਿਵਸਥਾ ਸੁਚਾਰੂ ਢੰਗ ਨਾਲ ਨਾ ਚੱਲਣ ਵਿਰੁੱਧ ਕਸ਼ਮੀਰ ਟਾਈਮਜ਼ ਦੀ ਕਾਰਜਕਾਰੀ ਸੰਪਾਦਕ ਅਤੇ ਹੋਰਨਾਂ ਦੀਆਂ ਪਟੀਸ਼ਨਾਂ ‘ਤੇ 16 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਤੋਂ ਕਸ਼ਮੀਰ ਟਾਈਮਜ਼ ਦੀ ਕਾਰਜਕਾਰੀ ਸੰਪਾਦਕ ਅਨੁਰਾਧਾ ਭਸੀਨ ਨੇ ਕਿਹਾ ਕਿ ਧਾਰਾ-370 ਹਟਾਉਣ ਦੇ ਇਕ ਮਹੀਨੇ ਬਾਅਦ ਵੀ ਪੱਤਰਕਾਰਾਂ ਨੂੰ ਆਜ਼ਾਦ ਰੂਪ ਨਾਲ ਆਉਣ-ਜਾਣ ਦੀ ਆਗਿਆ ਨਹੀਂ ਹੈ। ਹਾਲਾਂਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵਿਰੋਧ ਕਰਦੇ ਹੋਏ ਇਸ ਨੂੰ ਝੂਠਾ ਦਾਅਵਾ ਦੱਸਿਆ।
ਕਸ਼ਮੀਰ ਟਾਈਮਜ਼ ਦੇ ਸੰਪਾਦਕਾਂ ਨੇ ਆਪਣੇ ਅਖਬਾਰ ਪ੍ਰਕਾਸ਼ਿਤ ਨਾ ਕਰਨ ਦੇ ਫੈਸਲਾ ਲਿਆ ਹੈ। ਤੁਸ਼ਾਰ ਮਹਿਤਾ ਨੇ ਬੈਂਚ ਨੂੰ ਕਿਹਾ ਕਿ ਸ਼੍ਰੀਨਗਰ ਤੋਂ ਕਈ ਅਖਬਾਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਬੈਂਚ ਨੇ ਭਸੀਨ ਅਤੇ ਹੋਰਨਾਂ ਪਟੀਸ਼ਨਾਂ ‘ਤੇ ਕੋਈ ਹੁਕਮ ਪਾਸ ਨਹੀਂ ਕੀਤਾ ਅਤੇ ਸੁਣਵਾਈ ਲਈ 16 ਸਤੰਬਰ ਦੀ ਤਰੀਕ ਤੈਅ ਕੀਤੀ। ਇਸ ਤੋਂ ਪਹਿਲਾਂ 28 ਅਗਸਤ ਨੂੰ ਸੁਣਵਾਈ ਦੌਰਾਨ ਬੈਂਚ ਨੇ ਭਸੀਨ ਅਤੇ ਤਹਿਸੀਨ ਪੂਨਾਵਾਲਾ ਦੀਆਂ ਪਟੀਸ਼ਨਾਂ ‘ਤੇ ਨੋਟਿਸ ਜਾਰੀ ਕੀਤਾ ਸੀ। ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਅਦਾਲਤ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿਚ ਪਾਬੰਦੀਆਂ ‘ਤੇ ਹੌਲੀ-ਹੌਲੀ ਢਿੱਲ ਦਿੱਤੀ ਜਾ ਰਹੀ ਹੈ।