ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੱਕ ਪਾਰੀ ‘ਚ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਹੈ ਕਿ 12 ਬੱਲੇਬਾਜ਼ਾਂ ਵਲੋਂ ਬੱਲੇਬਾਜ਼ੀ ਕਰਾਏ ਜਾਣ ਤੋਂ ਬਾਅਦ ਵੀ ਟੀਮ ਨੂੰ ਜਿੱਤ ਨਹੀਂ ਮਿਲੀ। ਅਜਿਹਾ ਕਿਸੇ ਹੋਰ ਮੈਚ ‘ਚ ਨਹੀਂ ਸਗੋਂ ਭਾਰਤ ਅਤੇ ਵੈੱਸਟ ਇੰਡੀਜ਼ ਵਿਚਾਲੇ ਜਮੇਕਾ ਦੇ ਸਬਾਈਨਾ ਪਾਰਕ ‘ਚ ਖੇਡੇ ਗਏ ਦੂਜੇ ਟੈੱਸਟ ਮੈਚ ‘ਚ ਹੋਇਆ। ਦਰਅਸਲ, ਵੈੱਸਟ ਇੰਡੀਜ਼ ਵਲੋਂ ਦੂਜੀ ਪਾਰੀ ‘ਚ ਕੁੱਲ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਜਿਸ ‘ਚੋਂ 10 ਬੱਲੇਬਾਜ਼ ਆਊਟ ਵੀ ਹੋ ਗਏ। ਇੱਥੋਂ ਤਕ ਕਿ ਕੋਈ ਨਿਯਮ ਵੀ ਨਹੀਂ ਤੋੜਿਆ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਗਿਆ? ਚਲੋ ਇਸੇ ਗੱਲ ਨੂੰ ਹੋਰ ਸਪੱਸ਼ਟ ਕਰ ਦਿੰਦੇ ਹਾਂ ਕਿ ਆਖ਼ਰ ਇਹ ਕਿਵੇਂ ਸੰਭਵ ਹੈ ਕਿ 11 ਖਿਡਾਰੀਆਂ ਵਾਲੇ ਕ੍ਰਿਕਟ ਮੈਚ ‘ਚ 12 ਖਿਡਾਰੀ ਕਿਵੇਂ ਬੱਲੇਬਾਜ਼ੀ ਕਰ ਸਕਦੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਵੈੱਸਟ ਇੰਡੀਜ਼ ਟੀਮ ਦੇ ਬੱਲੇਬਾਜ਼ ਡੈਰੇਨ ਬ੍ਰਾਵੋ ਨੂੰ ਜਮੇਕਾ ਟੈੱਸਟ ਮੈਚ ਦੇ ਤੀਜੇ ਦਿਨ ਇਸ਼ਾਂਤ ਸ਼ਰਮਾ ਦੇ ਓਵਰ ‘ਚ ਹੈਲਮੇਟ ਦੇ ਪਿੱਛੇ ਇੱਕ ਗੇਂਦ ਲੱਗੀ ਸੀ। ਇਸ ਦੇ ਬਾਵਜੂਦ ਵੀ ਉਹ ਬੱਲੇਬਾਜ਼ੀ ਕਰਦਾ ਰਿਹਾ ਅਤੇ ਮੈਚ ਦਾ ਤੀਜਾ ਦਿਨ ਸਮਾਪਤ ਹੋ ਗਿਆ। ਇਸ ਦੇ ਚੌਥੇ ਦਿਨ ਵੀ ਡੈਰੇਨ ਬ੍ਰਾਵੋ ਬੱਲੇਬਾਜ਼ੀ ਕਰਨ ਉਤਰਿਆ, ਪਰ ਕੁੱਝ ਗੇਂਦਾਂ ਖੇਡਣ ਤੋਂ ਬਾਅਦ ਉਸ ਨੂੰ ਬੇਚੈਨੀ ਮਹਿਸੂਸ ਹੋਈ।
ਇਸ ਤੋਂ ਬਾਅਦ ਮੈਦਾਨ ‘ਤੇ ਵੈੱਸਟ ਇੰਡੀਜ਼ ਟੀਮ ਦੇ ਫ਼ੀਜ਼ੀਓ ਪਹੁੰਚਿਆ ਅਤੇ ਉਹ ਡੈਰੇਨ ਬ੍ਰਾਵੋ ਨੂੰ ਰਿਟਾਇਰਡ ਹਰਟ ਕਰਾ ਕੇ ਮੈਦਾਨ ਤੋਂ ਬਾਹਰ ਲੈ ਗਿਆ। ਤਦ ਤਕ ਬ੍ਰਾਵੋ ਨੇ 23 ਦੌੜਾਂ ਬਣਾ ਲਈਆਂ ਸਨ। ਕੁੱਝ ਦੇਰ ਬਾਅਦ ਇਸ ਗੱਲ ਦਾ ਅਧਿਕਾਰਤ ਐਲਾਨ ਹੋ ਗਿਆ ਕਿ ਰਿਟਾਇਰਡ ਹਰਟ ਹੋਏ ਡੈਰੇਨ ਬ੍ਰਾਵੋ ਦੀ ਜਗ੍ਹਾ ਬਾਕੀ ਦੇ ਮੈਚ ‘ਚ ਕੋਨੈਕਸ਼ਨ ਸਬਸੀਟਿਊਟ ਦੇ ਤੌਰ ‘ਤੇ ਜਰਮੇਨ ਬਲੈਕਵੁਡ ਬੱਲੇਬਾਜ਼ੀ ਕਰਨਗੇ ਅਤੇ ਹੋਇਆ ਵੀ ਅਜਿਹਾ ਹੀ ਕੁੱਝ। ਅਜੇ ਜਰਮੇਨ ਬਲੈਕਵੁਡ ਦੇ ਟੀਮ ‘ਚ ਸ਼ਾਮਿਲ ਕੀਤੇ ਜਾਣ ਦਾ ਅਧਿਕਾਰਿਕ ਐਲਾਨ ਹੋਇਆ ਹੀ ਸੀ ਕਿ ਵੈੱਸਟ ਇੰਡੀਜ਼ ਦੀ ਟੀਮ ਦਾ ਚੌਥਾ ਵਿਕਟ ਡਿਗ ਗਿਆ ਅਤੇ ਪੈਡ ਬੰਨ੍ਹ ਕੇ ਉਹ ਮੈਦਾਨ ‘ਚ ਆ ਗਿਆ। ਬਲੈਕਵੁਡ ਨੇ ਆਪਣੀ ਟੀਮ ਲਈ 38 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਵੀ ਬਾਕੀ ਬਚੇ ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਅਤੇ ਕੁੱਲ ਮਿਲਾ ਕੇ 12 ਖਿਡਾਰੀ ਵੈੱਸਟ ਇੰਡੀਜ਼ ਵਲੋਂ ਮੈਦਾਨ ‘ਤੇ ਉਤਰੇ।
ਕੀ ਕਹਿੰਦਾ ਹੈ ਨਿਯਮ
ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਭਾਵ ICC ਨੇ ਹਾਲ ਹੀ ‘ਚ ਕੌਮਾਂਤਰੀ ਕ੍ਰਿਕਟ ‘ਚ ਇਸ ਨਿਯਮ ਨੂੰ ਲਾਗੂ ਕੀਤਾ ਹੈ ਕਿ ਜੇਕਰ ਸਿਰ ਜਾਂ ਇਸ ਦੇ ਆਸਪਾਸ ਗੇਂਦ ਲਗਦੀ ਹੈ ਅਤੇ ਖਿਡਾਰੀ ਨੂੰ ਬੇਚੈਨੀ ਜਾਂ ਬੇਹੋਸ਼ੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਬਾਕੀ ਮੈਚ ਲਈ 12ਵੇਂ ਖਿਡਾਰੀ ਨੂੰ ਖਿਡਾ ਸਕਦੇ ਹਨ। ਨਿਯਮ ਦੇ ਮੁਤਾਬਿਕ, ਖਿਡਾਰੀ ਉਸੇ ਸ਼ੈਲੀ (ਬੱਲੇਬਾਜ਼ੀ ਦੀ ਜਗ੍ਹਾ ਬੱਲੇਬਾਜ਼, ਗੇਂਦਬਾਜ਼ੀ ਦੀ ਜਗ੍ਹਾ ਗੇਂਦਬਾਜ਼) ਦਾ ਹੋਣਾ ਚਾਹੀਦਾ ਜੋ ਸੱਟ ਦਾ ਸ਼ਿਕਾਰ ਹੋਇਆ ਹੋਵੇ।