ਲੁਧਿਆਣਾ : ਬਟਾਲਾ ਸਥਿਤ ਇੱਕ ਪਟਾਕਾ ਫ਼ੈਕਟਰੀ ‘ਚ ਧਮਾਕਾ ਹੋਣ ਤੋਂ ਬਾਅਦ ਗਈਆਂ ਕੀਮਤੀ ਜਾਨਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਰਕਾਰ ਵੱਲੋਂ ਮ੍ਰਿਤਕਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 25-25 ਹਜ਼ਾਰ ਮੁਆਵਜ਼ਾ ਦੇਣ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਸਰਕਾਰ ਨੂੰ ਮੁਫ਼ਤ ਕਰਨਾ ਚਾਹੀਦਾ ਹੈ। ਨਾਲ ਹੀ ਬੈਂਸ ਤੋਂ ਜਦੋਂ ਸਥਾਨਕ ਸਾਂਸਦ ਸੰਨੀ ਦਿਓਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਲੋਕਾਂ ਨੇ ਸੰਨੀ ਦਿਓਲ ਨੂੰ ਵੋਟ ਪਾ ਕੇ ਜਿਤਾਇਆ ਹੈ, ਉਨ੍ਹਾਂ ਨੂੰ ਹੀ ਸੰਨੀ ਦਿਓਲ ਦੀ ਯਾਦ ਆ ਰਹੀ ਹੋਵੇਗੀ।
ਸਿਮਰਜੀਤ ਬੈਂਸ ਨੇ ਕਿਹਾ ਕਿ ਭਾਵੇਂ ਖਿਡਾਰੀ ਹੋਵੇ ਜਾਂ ਅਦਾਕਾਰ ਉਸ ਦੇ ਚਿਹਰੇ ਨੂੰ ਲੋਕ ਵੋਟਾਂ ਤਾਂ ਪਾ ਦਿੰਦੇ ਹਨ ਪਰ ਸੁੱਖ-ਦੁੱਖ ਵੇਲੇ ਇਹ ਲੋਕ ਕਿਸੇ ਦਾ ਸਾਥ ਨਹੀਂ ਦਿੰਦੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ 24 ਘੰਟੇ ਲੋਕਾਂ ਲਈ ਉਪਲੱਬਧ ਹੋਣ। ਬੈਂਸ ਨੇ ਕਿਹਾ ਕਿ ਕੁੱਝ ਸਾਲ ਪਹਿਲਾਂ ਵੀ ਅਜਿਹਾ ਹਾਦਸਾ ਵਾਪਰਿਆ ਸੀ ਪਰ ਪ੍ਰਸ਼ਾਸਨ ਨੇ ਉਸ ਤੋਂ ਸਬਕ ਨਹੀਂ ਲਿਆ। ਬੈਂਸ ਨੇ ਕਿਹਾ ਕਿ ਫੈਕਟਰੀ ਨੂੰ ਬੰਦ ਕਿਉਂ ਨਹੀਂ ਕੀਤਾ ਗਿਆ ਅਤੇ ਉਸ ਨੂੰ ਲਾਈਸੈਂਸ ਕਿਵੇਂ ਮਿਲਿਆ, ਇਸ ਦੀ ਜਾਂਚ ਜ਼ਰੂਰੀ ਹੈ। ਸਿਮਰਜੀਤ ਬੈਂਸ ਨੇ ਵੀ ਕਿਹਾ ਕਿ ਭਾਵੇਂ ਇਸ ‘ਚ ਕੋਈ ਵੀ ਅਫ਼ਸਰ ਸ਼ਾਮਲ ਹੋਵੇ, ਉਸ ‘ਤੇ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ। ਬੈਂਸ ਨੇ ਕਿਹਾ ਕਿ ਇਹ ਸਿੱਧੇ ਤੌਰ ‘ਤੇ ਪ੍ਰਸ਼ਾਸਨ ਦੀ ਨਾਲਾਇਕੀ ਹੈ।