ਕਿੰਗਸਟਨ – ਵਿਰਾਟ ਕੋਹਲੀ ਇੱਥੇ ਵੈਸਟਇੰਡੀਜ਼ ਵਿਰੁੱਧ ਦੂਜੇ ਅਤੇ ਆਖਰੀ ਕ੍ਰਿਕਟ ਟੈੱਸਟ ਦੇ ਚੌਥੇ ਦਿਨ ਭਾਰਤ ਦੀ 257 ਦੌੜਾਂ ਨਾਲ ਜਿੱਤ ਦੇ ਨਾਲ ਦੇਸ਼ ਦੇ ਸਭ ਤੋਂ ਸਫ਼ਲ ਟੈੱਸਟ ਕਪਤਾਨ ਬਣ ਗਿਆ। ਕੋਹਲੀ ਦੀ ਅਗਵਾਈ ‘ਚ ਭਾਰਤ ਦੀ 48 ਟੈੱਸਟ ਮੈਚਾਂ ‘ਚ ਇਹ 28ਵੀਂ ਜਿੱਤ ਹੈ। ਕੋਹਲੀ ਨੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ ਜਿਸ ਦੀ ਅਗਵਾਈ ‘ਚ ਭਾਰਤ ਨੇ 60 ਮੈਚਾਂ ‘ਚੋਂ 27 ‘ਚ ਜਿੱਤ ਹਾਸਿਲ ਕੀਤੀ। ਕੋਹਲੀ ਦੀ ਅਗਵਾਈ ‘ਚ ਹੁਣ ਤਕ ਭਾਰਤ ਸਿਰਫ਼ 10 ਟੈੱਸਟ ਹਾਰਿਆ ਹੈ ਜਦਕਿ ਧੋਨੀ ਦੀ ਕਪਤਾਨੀ ‘ਚ ਟੀਮ ਨੂੰ 18 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਦੌਰਾਨ ਵਿੰਡੀਜ਼ ਨੂੰ ਹਰਾਉਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਵੈੱਸਟ ਇੰਡੀਜ਼ ਨੂੰ ਚੌਥੇ ਹੀ ਦਿਨ 257 ਦੌੜਾਂ ਨਾਲ ਹਰਾਉਂਦਿਆਂ ਦੂਜਾ ਟੈੱਸਟ ਜਿੱਤ ਕੇ ਮੇਜ਼ਬਾਨ ਟੀਮ ਦਾ 2-0 ਨਾਲ ਸਫ਼ਾਇਆ ਕਰ ਦਿੱਤਾ। ਭਾਰਤੀ ਕਪਤਾਨ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਭਾਰਤੀ ਟੀਮ ਦਬਾਅ ‘ਚ ਸੀ, ਪਰ ਵਧੀਆ ਕ੍ਰਿਕਟ ਖੇਡ ਕੇ ਆਸਾਨ ਜਿੱਤ ਹਾਸਿਲ ਕਰਨ ‘ਚ ਸਫ਼ਲ ਰਹੀ। ਭਾਰਤ ਦੇ 468 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈੱਸਟ ਇੰਡੀਜ਼ ਦੀ ਪੂਰੀ ਟੀਮ 210 ਦੌੜਾਂ ‘ਤੇ ਢੇਰ ਹੋ ਗਈ। ਭਾਰਤ ਵਲੋਂ ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਾਮੀ ਦੇ 3-3 ਜਦਕਿ ਇਸ਼ਾਂਤ ਸ਼ਰਮਾ ਨੇ 2 ਵਿਕਟਾਂ ਹਾਸਿਲ ਕੀਤੀਆਂ। ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਹਾਸਿਲ ਕੀਤੀ। ਕੋਹਲੀ ਨੇ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਕਿਹਾ ਕਿ ਇਖ ਵਾਰ ਫ਼ਿਰ ਆਸਾਨ ਜਿੱਤ। ਅਸੀਂ ਵਧੀਆ ਕ੍ਰਿਕਟ ਖੇਡੀ ਅਤੇ ਉਸ ਤਰ੍ਹਾਂ ਦੇ ਨਤੀਜੇ ਹਾਸਿਲ ਕੀਤੇ ਜੋ ਇੱਕ ਟੀਮ ਦੇ ਰੂਪ ‘ਚ ਮਹੱਤਵਪੂਰਨ ਹੈ। ਕੁੱਝ ਸੈਸ਼ਨ ‘ਚ ਅਸੀਂ ਦਬਾਅ ‘ਚ ਸੀ। ਬੱਲੇਬਾਜ਼ੀ ਕਰਦੇ ਹੋਏ ਕੁੱਝ ਸਮਾਂ ਮੁਸ਼ਕਿਲ ਸਥਿਤੀ ‘ਚ ਸੀ, ਪਰ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਹਨੁਮਾਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਅੰਜਿਕਯ ਦੂਜੀ ਪਾਰੀ ‘ਚ ਵਧੀਆ ਖੇਡਿਆ, ਮਯੰਕ ਪਹਿਲੀ ਪਾਰੀ ‘ਚ ਵਧੀਆ ਖੇਡਿਆ, ਇਸ਼ਾਂਤ ਦਾ ਅਰਧ ਸੈਂਕੜਾ – ਇਹ ਜ਼ਜਬੇ ਨਾਲ ਭਰੀ ਪਾਰੀ ਸੀ। ਪਹਿਲੀ ਪਾਰੀ ‘ਚ 111 ਅਤੇ ਦੂਜੀ ਪਾਰੀ ‘ਚ ਅਜੇਤੂ 53 ਦੌੜਾਂ ਬਣਾਉਣ ਵਾਲੇ ਹਨੁਮਾ ਦੀ ਸ਼ਲਾਘਾ ਕਰਦੇ ਹੋਏ ਕੋਹਲੀ ਨੇ ਕਿਹਾ ਉਹ ਆਤਮਵਿਸ਼ਵਾਸ ਨਾਲ ਭਰਿਆ ਨਜ਼ਰ ਆਉਂਦਾ ਹੈ ਤੇ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਹੁੰਦਾ ਹੈ ਤਾਂ ਡ੍ਰੈਸਿੰਗ ਰੂਮ ‘ਚ ਧੀਰਜ ਦਿਖਦਾ ਹੈ। ਉਹ ਹਮੇਸ਼ਾ ਆਪਣੇ ਖੇਡ ਤੇ ਗਲਤੀਆਂ ‘ਚ ਸੁਧਾਰ ਦੇ ਲਈ ਤਿਆਰ ਰਹਿੰਦਾ ਹੈ। ਭਾਰਤ ਦਾ ਸਭ ਤੋਂ ਸਫ਼ਲ ਟੈਸਟ ਕਪਤਾਨ ਬਣਨ ‘ਤੇ ਕੋਹਲੀ ਨੇ ਕਿਹਾ ਸਭ ਤੋਂ ਸਫ਼ਲ ਟੈੱਸਟ ਕਪਤਾਨ ਬਣਨਾ ਸਾਡੀ ਟੀਮ ਦੇ ਕਾਰਨ ਹੈ। ਸਾਡੇ ਗੇਂਦਬਾਜ਼ ਸ਼ਾਨਦਾਰ ਹਨ।
ਵਿਰਾਟ ਨੇ ਵਿੰਡੀਜ਼ ਦੌਰੇ ‘ਤੇ ਹਾਸਿਲ ਕੀਤੀਆਂ ਤਿੰਨ ਵੱਡੀਆਂ ਉਪਲਬਧੀਆਂ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ ਵੈੱਸਟ ਇੰਡੀਜ਼ ਦੌਰਾ ਹਮੇਸ਼ਾ ਤੋਂ ਹੀ ਯਾਦਗਾਰ ਰਿਹਾ ਹੈ, ਖ਼ਾਸ ਕਰ ਕੇ ਟੈੱਸਟ ਸੀਰੀਜ਼ ‘ਚ ਉਨ੍ਹਾਂ ਦਾ ਸ਼ਾਨਦਾਰ ਰਿਕਾਰਡ ਹੈ। ਜਮੇਕਾ ਦੇ ਸਬੀਨਾ ਪਾਰਕ ‘ਚ ਖ਼ਤਮ ਦੌਰੇ ਦੇ ਆਖ਼ਰੀ ਟੈੱਸਟ ਮੈਚ ‘ਚ ਟੀਮ ਇੰਡੀਆ ਨੂੰ ਜਿੱਤ ਮਿਲੀ। ਇਸ ਦੇ ਨਾਲ ਹੀ ਭਾਰਤ ਨੇ ਇਹ ਟੈੱਸਟ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਇਸ ਟੈੱਸਟ ਸੀਰੀਜ਼ ਤੋਂ ਪਹਿਲਾਂ ਭਾਰਤ ਨੇ ਕੈਰੇਬੀਆਈ ਟੀਮ ਨੂੰ T-20 ਅਤੇ ਵਨ-ਡੇ ਸੀਰੀਜ਼ ‘ਚ ਵੀ ਕਲੀਨ ਸਵੀਪ ਕੀਤਾ ਸੀ।
ਭਾਰਤੀ ਟੀਮ ਲਈ ਇਹ ਦੌਰਾ ਜਿੰਨਾ ਸ਼ਾਨਦਾਰ ਗਿਆ, ਉਸ ਤੋਂ ਕਿਤੇ ਜ਼ਿਆਦਾ ਵੈੱਸਟ ਇੰਡੀਜ਼ ਟੂਰ ਕਪਤਾਨ ਵਿਰਾਟ ਕੋਹਲੀ ਲਈ ਇਤਿਹਾਸਕ ਰਿਹਾ। ਜਮੇਕਾ ਟੈੱਸਟ ਮੈਚ ਨੂੰ ਜਿੱਤ ਕੇ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫ਼ਲ ਟੈੱਸਟ ਕਪਤਾਨ ਬਣ ਗਏ ਹਨ। ਅਜਿਹਾ ਤੀਜੀ ਵਾਰ ਹੈ ਜਦੋਂ ਵੈੱਸਟ ਇੰਡੀਜ਼ ਦੇ ਦੌਰੇ ‘ਤੇ ਵਿਰਾਟ ਕੋਹਲੀ ਨੇ ਕੋਈ ਖ਼ਾਸ ਉਪਲਬਧੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੋ ਵਾਰ ਕੈਰੇਬੀਆਈ ਦੌਰੇ ‘ਤੇ ਆਏ ਹਨ ਅਤੇ ਦੋਵੇਂ ਵਾਰ ਉਨ੍ਹਾਂ ਦੇ ਨਾਲ ਕੁੱਝ ਚੰਗਾ ਹੋਇਆ ਹੈ। ਇਸ ਵਾਰ ਉਹ ਭਾਰਤ ਦੇ ਸਭ ਤੋਂ ਸਫ਼ਲ ਟੈੱਸਟ ਕਪਤਾਨ ਬਣੇ ਹਨ।
ਦਰਅਸਲ, ਵਿਰਾਟ ਕੋਹਲੀ ਨੇ ਸਾਲ 2011 ‘ਚ ਆਪਣਾ ਟੈੱਸਟ ਡੈਬਿਊ ਵੈੱਸਟ ਇੰਡੀਜ਼ ਖ਼ਿਲਾਫ਼ ਕੈਰੇਬੀਆਈ ਸਰਜ਼ਮੀਂ ‘ਤੇ ਕੀਤਾ ਸੀ। ਹੈਰਾਨ ਕਰਨ ਵਾਲੇ ਗੱਲ ਇਹ ਹੈ ਕਿ ਉਸ ਨੇ ਜਮੇਕਾ ਦੇ ਇਸੇ ਸਬਾਈਨਾ ਪਾਰਕ ‘ਚ ਆਪਣਾ ਪਹਿਲਾ ਟੈੱਸਟ ਮੈਚ ਖੇਡਿਆ ਸੀ ਜਿੱਥੋਂ ਉਹ ਅੱਠ ਸਾਲ ਬਾਅਦ ਭਾਰਤ ਲਈ ਸਭ ਤੋਂ ਜ਼ਿਆਦਾ ਟੈੱਸਟ ਮੈਚ ਜਿੱਤਣ ਵਾਲੇ ਕਪਤਾਨ ਬਣਿਆ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਵੈੱਸਟ ਇੰਡੀਜ਼ ਦਾ ਇੱਕ ਹੋਰ ਦੌਰਾ ਸਾਲ 2016 ‘ਚ ਕੀਤਾ ਸੀ ਜਦੋਂ ਵਿਰਾਟ ਕੋਹਲੀ ਨੇ ਸਾਲ ਨੌਰਥ ਸਾਊਂਡ ਦੇ ਮੈਦਾਨ ‘ਤੇ ਟੈੱਸਟ ਮੈਚ ‘ਚ ਆਪਣਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਸੀ।

ਵੈੱਸਟ ਇੰਡੀਜ਼ ‘ਚ ਟੈੱਸਟ ਕ੍ਰਿਕਟ ‘ਚ ਵਿਰਾਟ ਕੋਹਲੀ
ਸਾਲ 2011: ਟੈੱਸਟ ਡੈਬਿਊ, ਸਬਾਈਨਾ ਪਾਰਕ, ਜਮੇਕਾ
ਸਾਲ 2016: ਟੈੱਸਟ ਕ੍ਰਿਕਟ ‘ਚ ਪਹਿਲਾ ਦੋਹਰਾ ਸੈਂਕੜਾ
ਸਾਲ 2019: ਭਾਰਤ ਦੇ ਸਭ ਤੋਂ ਸਫ਼ਲ ਟੈੱਸਟ ਕਪਤਾਨ, ਸਬਾਈਨਾ ਪਾਰਕ, ਜਮੇਕਾ