ਮੁੰਬਈ— ਮਹਾਰਾਸ਼ਟਰ ‘ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਦੇਸ਼ ‘ਚ ਮੌਜੂਦਾ ਆਰਥਿਕ ਮੰਦੀ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਸਮਰਥਨ ਕੀਤਾ ਹੈ। ਮਨਮੋਹਨ ਸਿੰਘ ਨੇ ਹਾਲ ਹੀ ‘ਚ ਕਿਹਾ ਸੀ ਕਿ ਮੋਦੀ ਸਰਕਾਰ ਕਾਰਨ ਅਰਥਵਿਵਸਥਾ ਦੀ ਸਥਿਤੀ ਇੰਨੀ ਖਰਾਬ ਹੋਈ ਹੈ। ਸ਼ਿਵ ਸੈਨਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਮਨਮੋਹਨ ਸਿੰਘ ਦੀ ਗੱਲ ਸੁਣਨਾ ਦੇਸ਼ਹਿੱਤ ‘ਚ ਹੈ। ਸ਼ਿਵ ਸੈਨਾ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਮਰਥਨ ਅਜਿਹੇ ਸਮੇਂ ਆਇਆ ਹੈ, ਜਦੋਂ ਕੇਂਦਰ ਸਰਕਾਰ ਨੇ ਅਰਥਵਿਵਸਥਾ ਦੇ ਮੁੱਦੇ ‘ਤੇ ਮਨਮੋਹਨ ਸਿੰਘ ਵਲੋਂ ਕੀਤੀ ਗਈ ਆਲੋਚਨਾ ਨੂੰ ਖਾਰਜ ਕਰ ਦਿੱਤਾ ਹੈ। ਸ਼ਿਵ ਸੈਨਾ ਨੇ ਆਪਣੇ ਅਖਬਾਰ ‘ਸਾਮਨਾ’ ‘ਚ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਗੱਲ ‘ਤੇ ਧਿਆਨ ਦੇਣ ਲਈ ਕਿਹਾ ਹੈ, ਨਾਲ ਹੀ ਇਸ ਮੁੱਦੇ ‘ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਅਰਥ ਵਿਵਸਥਾ ਦੀ ਹਾਲਤ ਬਹੁਤ ਗੰਭੀਰ ਹੈ। ਪਿਛਲੀ ਤਿਮਾਹੀ ‘ਚ ਵਿਕਾਸ ਦਰ 5 ਫੀਸਦੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਅਰਥ ਵਿਵਸਥਾ ‘ਚ ਕਿੰਨੀ ਸੁਸਤੀ ਹੈ। ਭਾਰਤ ਦੀ ਅਰਥ ਵਿਵਸਥਾ ‘ਚ ਤੇਜ਼ ਗਤੀ ਨਾਲ ਵਧਣ ਦੀ ਸਮਰੱਥਾ ਹੈ ਪਰ ਮੋਦੀ ਸਰਕਾਰ ਦੇ ਕੁਪ੍ਰਬੰਧਨ ਕਾਰਨ ਦੇਸ਼ ‘ਚ ਮੰਦੀ ਦੀ ਹਾਲਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਕਾਰਨ ਸਾਡੀ ਅਰਥ ਵਿਵਸਥਾ ਨੂੰ ਜੋ ਨੁਕਸਾਨ ਹੋਇਆ ਹੈ, ਉਸ ਨਾਲ ਦੇਸ਼ ਹਾਲੇ ਤੱਕ ਉਭਰ ਨਹੀਂ ਸਕਿਆ ਹੈ।
‘ਸਾਮਨਾ’ ਦੇ ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਅਰਥ ਵਿਵਸਥਾ ਸੁਸਤ ਹੈ। ਕਸ਼ਮੀਰ ਅਤੇ ਆਰਥਿਕ ਮੰਦੀ 2 ਵੱਖ-ਵੱਖ ਮੁੱਦੇ ਹਨ। ਮਨਮੋਹਨ ਸਿੰਘ ਵਰਗੇ ਵਿਦਵਾਨ ਵਿਅਕਤੀ ਨੂੰ ਆਰਥਿਕ ਮੰਦੀ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਅਰਥ ਵਿਵਸਥਾ ਸੁਧਾਰਨ ਲਈ ਮਾਹਰਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ। ਮਨਮੋਹਨ ਸਿੰਘ ਦੀ ਸਲਾਹ ਦਾ ਸੁਣਨਾ ਰਾਸ਼ਟਰੀ ਹਿੱਤ ਦਾ ਮਸਲਾ ਹੈ ਯਾਨੀ ਇਸ ‘ਚ ਰਾਸ਼ਟਰਹਿੱਤ ਅਹਿਮ ਹੈ। ਸ਼ਿਵ ਸੈਨਾ ਨੇ ਅੱਗੇ ਕਿਹਾ ਕਿ ਮਨਮੋਹਨ ਸਿੰਘ ਕੋਲ ਅਰਥ ਵਿਵਸਥਾ ਬਾਰੇ ਬੋਲਣ ਦਾ ਅਧਿਕਾਰ ਹੈ, ਕਿਉਂਕਿ ਉਹ 35 ਸਾਲਾਂ ਤੋਂ ਭਾਰਤੀ ਵਿੱਤ ਅਤੇ ਅਰਥ ਵਿਵਸਥਾ ਨਾਲ ਜੁੜੇ ਹਨ।