ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ICC ਟੈੱਸਟ ਰੈਂਕਿੰਗ ‘ਚ ਆਪਣਾ ਨੰਬਰ ਇੱਕ ਸਥਾਨ ਆਸਟਰੇਲੀਆ ਦੇ ਸਟੀਵਨ ਸਮਿਥ ਤੋਂ ਗੁਆ ਬੈਠਾ ਹੈ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮਿਡਲ ਔਰਡਰ ਦੇ ਬੱਲੇਬਾਜ਼ ਹਨੁਮਾਨ ਵਿਹਾਰੀ ਨੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਿਲ ਕਰ ਲਈ ਹੈ। ਭਾਰਤ ਦੇ ਵੈੱਸਟ ਇੰਡੀਜ਼ ਨੂੰ ਦੋ ਟੈੱਸਟ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਹਰਾਉਣ ਦੇ ਬਾਵਜੂਦ ICC ਦੀ ਟੈੱਸਟ ਰੈਂਕਿੰਗ ‘ਚ ਵਿਰਾਟ ਨੇ ਆਪਣਾ ਨੰਬਰ ਇੱਕ ਸਥਾਨ ਗੁਆ ਲਿਆ ਹੈ। ਭਾਰਤ ਨੇ ਐਂਟੀਗਾ ‘ਚ ਪਹਿਲਾ ਟੈੱਸਟ 318 ਦੌੜਾਂ ਨਾਲ ਜਿੱਤਿਆ ਸੀ ਜਦਕਿ ਕਿੰਗਸਟਨ ‘ਚ ਦੂਜਾ ਟੈੱਸਟ ਉਸ ਨੇ 257 ਦੌੜਾਂ ਨਾਲ ਜਿੱਤਿਆ।
ਕਿੰਗਸਟਨ ਮੁਕਾਬਲੇ ‘ਚ ਵੈੱਸਟ ਇੰਡੀਜ਼ ਦੀ ਪਹਿਲੀ ਪਾਰੀ ‘ਚ ਹੈਟ੍ਰਿਕ ਸਮੇਤ ਛੇ ਵਿਕਟਾਂ ਲੈਣ ਵਾਲੇ ਬੁਮਰਾਹ ਆਪਣੀ ਸਰਵਸ੍ਰੇਸ਼ਠ ਤੀਜੀ ਰੈਂਕਿੰਗ ‘ਤੇ ਪਹੁੰਚ ਗਿਆ। ਇਸੇ ਮੈਚ ‘ਚ ਪਹਿਲੀ ਪਾਰੀ ‘ਚ ਸੈਂਕੜਾ ਅਤੇ ਦੂਜੀ ਪਾਰੀ ‘ਚ ਅਰਧ ਸੈਂਕੜਾ ਬਣਾਉਣ ਵਾਲਾ ਹਨੁਮਾਨ ਵਿਹਾਰੀ ਨੇ 40 ਸਥਾਨਾਂ ਦੀ ਸ਼ਾਨਦਾਰ ਛਲਾਂਗ ਲਗਾਈ ਹੈ ਅਤੇ ਉਹ 30ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਵਿਰਾਟ ਨੂੰ ਇਸ ਸੀਰੀਜ਼ ‘ਚ ਕੁੱਝ ਖ਼ਰਾਬ ਪ੍ਰਦਰਸ਼ਨ ਦਾ ਨੁਕਸਾਨ ਝਲਣਾ ਪਿਆ। ਉਹ ਦੂਜੇ ਟੈੱਸਟ ਦੀ ਦੂਜੀ ਪਾਰੀ ‘ਚ ਖਾਤਾ ਖੋਲੇ ਬਿਨਾ ਆਊਟ ਹੋ ਗਿਆ ਸੀ, ਪਰ ਇਸ ਸੀਰੀਜ਼ ‘ਚ ਉਸ ਨੇ ਦੋ ਅਰਧ ਸੈਂਕੜੇ ਬਣਾਏ। ਉਸ ਨੂੰ 7 ਰੇਟਿੰਗ ਅੰਕਾਂ ਦਾ ਨੁਕਸਾਨ ਹੋਇਆ ਅਤੇ ਉਹ ਪਹਿਲੇ ਤੋਂ ਦੂਜੇ ਸਥਾਨ ‘ਤੇ ਖਿਸਕ ਗਿਆ। ਵਿਰਾਟ ਦੇ ਹੁਣ 903 ਰੇਟਿੰਗ ਅੰਕ ਹਨ। ਐਸ਼ੇਜ਼ ਸੀਰੀਜ਼ ‘ਚ ਉਹ ਤੀਜੇ ਟੈੱਸਟ ਤੋਂ ਬਾਹਰ ਰਿਹਾ ਸਮਿਥ ਫ਼ਿਰ ਤੋਂ ਨੰਬਰ ਇੱਕ ਬੱਲੇਬਾਜ਼ ਬਣ ਗਿਆ ਹੈ। ਉਸ ਅਤੇ ਵਿਰਾਟ ਵਿਚਾਲੇ ਇੱਕ ਰੇਟਿੰਗ ਅੰਕ ਦਾ ਫ਼ਾਸਲਾ ਹੈ। ਸਮਿਥ ਦੇ 904 ਰੇਟਿੰਗ ਅੰਕ ਹਨ।