ਅਸੀਮ ਚਕਰਵਰਤੀ
ਬੌਲੀਵੁਡ ਵਿੱਚ ਜ਼ਿਆਦਾਤਰ ਸਿਤਾਰੇ ਅਜਿਹੇ ਹਨ ਜੋ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੇ ਹਨ, ਹਿੰਦੀ ਫ਼ਿਲਮਾਂ ਦੀ ਖੱਟੀ ਖਾਂਦੇ ਹਨ, ਪਰ ਆਪਣਾ ਕੰਮ ਅੰਗਰੇਜ਼ੀ ਵਿੱਚ ਕਰਨਾ ਪਸੰਦ ਕਰਦੇ ਹਨ। ਇੱਥੋਂ ਤਕ ਕਿ ਉਨ੍ਹਾਂ ਦੀ ਹਿੰਦੀ ਦੀ ਸਕਰਿਪਟ ਵੀ ਰੋਮਨ ਵਿੱਚ ਲਿਖੀ ਹੁੰਦੀ ਹੈ। ਦੂਜੇ ਪਾਸੇ, ਕਈ ਸਿਤਾਰੇ ਅਜਿਹੇ ਹਨ ਜੋ ਹਿੰਦੀ ਜਾਣਦੇ ਹੋਏ ਵੀ ਹਿੰਦੀ ਤੋਂ ਦੂਰ ਹੀ ਰਹਿੰਦੇ ਹਨ। ਇਨ੍ਹਾਂ ਤੋਂ ਹਟ ਕੇ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦਾ ਹਿੰਦੀ ਗਿਆਨ ਸਿਫ਼ਰ ਹੈ। ਅਜਿਹੇ ਵਿੱਚ ਇਨ੍ਹਾਂ ਵਿੱਚ ਅਮਿਤਾਭ ਬੱਚਨ, ਆਮਿਰ ਖ਼ਾਨ, ਮਾਧੁਰੀ ਦੀਕਸ਼ਿਤ, ਸ਼ੇਖਰ ਸੁਮਨ, ਮਨੋਜ ਬਾਜਪੇਈ, ਸ਼ਤਰੁਘਨ ਸਿਨਹਾ, ਅਨਿਲ ਕਪੂਰ, ਕੰਗਨਾ ਰਣੌਤ ਅਤੇ ਗੋਵਿੰਦਾ ਵਰਗੇ ਕੁੱਝ ਸਿਤਾਰੇ ਹੀ ਅਪਵਾਦ ਹਨ ਜੋ ਆਪਣਾ ਕੰਮ ਹਿੰਦੀ ਵਿੱਚ ਸੌਖਾ ਹੀ ਕਰ ਲੈਂਦੇ ਹਨ। ਇੱਥੇ ਅਸੀਂ ਚਰਚਾ ਇਨ੍ਹਾਂ ਦੀ ਨਹੀਂ ਕਰ ਰਹੇ। ਇਹ ਚਰਚਾ ਤਾਂ ਜੈਕਲਿਨ ਫ਼ਰਨਾਂਡੇਜ਼, ਕੈਟਰੀਨਾ ਕੈਫ਼, ਸਿਧਾਰਥ ਮਲਹੋਤਰਾ ਵਰਗੇ ਸਿਤਾਰਿਆਂ ਦੀ ਹੋ ਰਹੀ ਹੈ ਜੋ ਹਿੰਦੀ ਫ਼ਲਿਮਾਂ ਤੋਂ ਕਰੋੜਾਂ ਰੁਪਏ ਦੀ ਕਮਾਈ ਕਰਨ ਦੇ ਬਾਵਜੂਦ ਹਿੰਦੀ ਨੂੰ ਆਪਣੇ ਕੋਲ ਫ਼ਟਕਣ ਤਕ ਨਹੀਂ ਦੇਣਾ ਚਾਹੁੰਦੇ।
ਕੈਟਰੀਨਾ ਕੈਫ਼ ਨੂੰ ਇੱਥੇ ਆਏ ਹੋਏ ਲਗਭਗ ਵੀਹ ਸਾਲ ਹੋ ਗਏ ਹਨ। ਇਸ ਵਿੱਚ ਸਲਮਾਨ ਦੀ ਕਿਰਪਾ ਨਾਲ ਉਹ ਸਟਾਰ ਬਣ ਗਈ, ਪਰ ਸਲਮਾਨ ਦੇ ਹਿੰਦੀ ਪ੍ਰੇਮ ਨੂੰ ਉਸ ਨੇ ਕਦੇ ਨਹੀਂ ਅਪਨਾਇਆ। ਇਸ ਵਿੱਚ ਕੈਟਰੀਨਾ ਨੇ ਹਿੰਦੀ ਦੇ ਕਈ ਟਿਊਟਰ ਵੀ ਬਦਲੇ, ਫ਼ਿਰ ਵੀ ਅੱਜ ਉਸ ਦੀ ਡਬਿੰਗ ਤੋਂ ਲੈ ਕੇ ਸਾਰਾ ਕੰਮ ਅੰਗਰੇਜ਼ੀ ਵਿੱਚ ਹੁੰਦਾ ਹੈ। ਉਸ ਦੀ ਸਕਰਿਪਟ ਵੀ ਉਸ ਨੂੰ ਅੰਗਰੇਜ਼ੀ ਵਿੱਚ ਮਿਲਦੀ ਹੈ। ਆਪਣੇ ਸੰਵਾਦ ਵੀ ਉਹ ਰੋਮਨ ਵਿੱਚ ਲਿਖੀ ਸਕਰਿਪਟ ਦੇਖ ਕੇ ਕਿਸੇ ਤਰ੍ਹਾਂ ਬੋਲ ਲੈਂਦੀ ਹੈ। ਉਸ ਦੇ ਕੁੱਝ ਕਰੀਬੀ ਅਤੇ ਯੂਨਿਟ ਦੇ ਲੋਕ ਮੰਨਦੇ ਹਨ ਕਿ ਉਸ ਨੂੰ ਹੁਣ ਟੁੱਟੀ- ਫ਼ੁੱਟੀ ਹਿੰਦੀ ਬੋਲਣੀ ਆ ਗਈ ਹੈ, ਪਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਉਸ ਨੂੰ ਇਸ ਤਰ੍ਹਾਂ ਦੀ ਹਿੰਦੀ ਬੋਲਣਾ ਵੀ ਪਸੰਦ ਨਹੀਂ। ਅਜਿਹੇ ਵਿੱਚ ਉਸ ਦੀ ਸਫ਼ਲਤਾ ਆਲੋਚਕਾਂ ਨੂੰ ਬਹੁਤ ਹੈਰਾਨ ਕਰਦੀ ਹੈ। ਹਿੰਦੀ ਫ਼ਿਲਮਾਂ ਨੇ ਉਸ ਨੂੰ ਇੰਨਾ ਮਾਣ-ਸਨਮਾਨ ਦਿੱਤਾ, ਪਰ ਇੱਕ ਲੰਬੇ ਅਰਸੇ ਤੋਂ ਬਾਅਦ ਵੀ ਹਿੰਦੀ ਪ੍ਰਤੀ ਉਸ ਦਾ ਕੋਈ ਪ੍ਰੇਮ ਨਹੀਂ ਝਲਕਦਾ।
ਜੈਕਲਿਨ ਫ਼ਰਨਾਂਡੇਜ਼
ਸ੍ਰੀ ਲੰਕਾ ਦੀ ਸੁੰਦਰੀ ਜੈਕਲਿਨ ਫ਼ਰਨਾਂਡੇਜ਼ ਦੀ ਸਫ਼ਲਤਾ ਕਿਸੇ ਨੂੰ ਵੀ ਹੈਰਾਨ ਕਰਦੀ ਹੈ ਕਿਉਂਕਿ ਉਹ ਹਿੰਦੀ ਨਹੀਂ ਜਾਣਦੀ ਅਤੇ ਨਾ ਹੀ ਉਸ ਪੱਲੇ ਅਭਿਨੈ ਹੈ ਪਰ ਬਹੁਤ ਹੈਰਾਨੀਜਨਕ ਢੰਗ ਨਾਲ ਉਸ ਦਾ ਸਿਤਾਰਾ ਚਮਕ ਰਿਹਾ ਹੈ। ਜ਼ਿਆਦਾਤਰ ਫ਼ਿਲਮਾਵਾਲੇ ਮੰਨਦੇ ਹਨ ਕਿ ਇਸ ਤਾਰ ਦਾ ਇੱਕ ਸਿਰਾ ਸਲਮਾਨ ਖ਼ਾਨ ਨੇ ਬਹੁਤ ਚੰਗੀ ਤਰ੍ਹਾਂ ਫ਼ੜ ਕੇ ਰੱਖਿਆ ਹੋਇਆ ਹੈ ਇਸ ਲਈ ਉਸ ਨੂੰ ਸਫ਼ਲਤਾ ਦੀ ਉਡਾਣ ਭਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ। ਉਸ ਵਲੋਂ ਬੋਲੇ ਗਏ ਸੰਵਾਦ ਡਬ ਕੀਤੇ ਜਾਂਦੇ ਹਨ। ਅੰਗਰੇਜ਼ੀ ਵਿੱਚ ਉਸ ਨੂੰ ਸਕਰਿਪਟ ਅਤੇ ਉਸ ਦਾ ਦ੍ਰਿਸ਼ ਸਮਝਾਉਣ ਵਿੱਚ ਸਹਾਇਕ ਨਿਰਦੇਸ਼ਕ ਦੀ ਹਾਲਤ ਪਤਲੀ ਹੋ ਜਾਂਦੀ ਹੈ। ਕਈ ਟਿਊਟਰ ਬਦਲਣ ਦੇ ਬਾਅਦ ਵੀ ਉਹ ਹਿੰਦੀ ਦੇ ਦੋ-ਚਾਰ ਸ਼ਬਦ ਸਮਝਣ ਲੱਗੀ ਹੈ। ਬਾਕੀ ਉਹ ਆਪਣਾ ਸਾਰਾ ਕੰਮ ਅੰਗਰਜ਼ੀ ਵਿੱਚ ਹੀ ਕਰਦੀ ਹੈ। ਫ਼ਿਰ ਵੀ ਉਹ ਅਤਿ ਸਫ਼ਲ ਹੈ। ਸਾਫ਼ ਤੌਰ ਉੱਤੇ ਇਸ ਲਈ ਉਸ ਦੇ ਪੱਕੇ ਦੋਸਤ ਸਲਮਾਨ ਖ਼ਾਨ ਦਾ ਵੱਡਾ ਯੋਗਦਾਨ ਹੈ।
ਸਿਧਾਰਥ ਮਲਹੋਤਰਾ
ਅਭਿਨੇਤਾ ਸਿਧਾਰਥ ਮਲਹੋਤਰਾ ਪੂਰੀ ਤਰ੍ਹਾਂ ਨਾਲ ਭਾਰਤੀ ਹੈ, ਪਰ ਉਸ ਦਾ ਅੰਗਰਜ਼ੀ ਪ੍ਰੇਮ ਸਾਫ਼ ਝਲਕਦਾ ਹੈ। ਉਹ ਕਰਨ ਜੌਹਰ ਸਕੂਲ ਦਾ ਸਟੂਡੇਂਟ ਹੈ, ਇਸ ਲਈ ਅੰਗਰੇਜ਼ੀ ਉਸ ਦੀ ਜ਼ੁਬਾਨ ਉੱਤੇ ਚੜ੍ਹੀ ਹੁੰਦੀ ਹੈ। ਇੰਟਰਵਿਊ ਦੌਰਾਨ ਵੀ ਹਿੰਦੀ ਵਿੱਚ ਪੁੱਛੇ ਗਏ ਸਵਾਲਾਂ ਦਾ ਜਵਾਬ ਉਹ ਅੰਗਰੇਜ਼ੀ ਵਿੱਚ ਦੇਣਾ ਪਸੰਦ ਕਰਦਾ ਹੈ। ਉਸ ਦਾ ਜ਼ਿਆਦਾਤਰ ਕੰਮ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ। ਉਹ ਅੰਗਰੇਜ਼ੀ ਵਿੱਚ ਲਿਖੀ ਸਕਰਿਪਟ ਪੜ੍ਹਦਾ ਹੈ ਅਤੇ ਰੋਮਨ ਵਿੱਚ ਲਿਖੇ ਸੰਵਾਦ। ਸ਼ੁਕਰ ਹੈ ਕਿ ਉਸ ਦੇ ਸੰਵਾਦਾਂ ਦੀ ਡਬਿੰਗ ਨਹੀਂ ਹੁੰਦੀ। ਯਾਨੀ ਉਹ ਹਿੰਦੀ ਚੰਗੀ ਤਰ੍ਹਾਂ ਸਮਝਦਾ ਹੈ ਫ਼ਿਰ ਵੀ ਹਿੰਦੀ ਬੋਲਣ ਵਿੱਚ ਉਸ ਨੂੰ ਸ਼ਰਮ ਆਉਂਦੀ ਹੈ। ਕੁੱਝ ਮਹੀਨੇ ਪਹਿਲਾਂ ਇੱਕ ਇੰਟਰਵਿਊ ਦੌਰਾਨ ਇਸ ਬਾਰੇ ਪੁੱਛਣ ‘ਤੇ ਉਸ ਦਾ ਜਵਾਬ ਸੀ, ”ਅਸਲ ਵਿੱਚ ਇੱਥੇ ਜਅਿਾਦਾਤਰ ਕੰਮ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ। ਇਸ ਲਈ ਹਿੰਦੀ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ। ਮੇਰਾ ਜ਼ਿਆਦਾ ਸਰਕਲ ਵੀ ਅੰਗਰੇਜ਼ੀ ਸਮਝਣ ਵਾਲਿਆਂ ਦਾ ਹੈ। ਇਸ ਲਈ ਇਸ ਭਾਸ਼ਾ ਵਿੱਚ ਗੱਲ ਕਰਨਾ ਮੈਨੂੰ ਪਸੰਦ ਹੈ।”
ਕੈਟਰੀਨਾ ਕੈਫ਼
ਅਭਿਨੇਤਰੀ ਦੀਪਿਕਾ ਪਾਦੂਕੋਣ ਵੀ ਉਨ੍ਹਾਂ ਫ਼ਲਿਮ ਵਾਲਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਜ਼ੁਬਾਨ ਉੱਤੇ ਹਮੇਸ਼ਾਂ ਹਿੰਦੀ ਚੜ੍ਹੀ ਰਹਿੰਦੀ ਹੈ। ਆਪਣੀ ਡਬਿੰਗ ਉਹ ਆਪਣੇ ਆਪ ਕਰਦੀ ਹੈ। ਕਈ ਵਾਰ ਹਿੰਦੀ ਵਿੱਚ ਲਿਖੀ ਸਕਰਿਪਟ ‘ਤੇ ਉਸ ਦਾ ਕੰਮ ਚੱਲ ਜਾਂਦਾ ਹੈ। ਇੰਟਰਵਿਊ ਦੌਰਾਨ ਵੀ ਹਿੰਦੀ ਵਿੱਚ ਪੁੱਛੇ ਗਏ ਸਵਾਲਾਂ ਦਾ ਜਵਾਬ ਹਿੰਦੀ ਵਿੱਚ ਹੀ ਦਿੰਦੀ ਹੈ, ਪਰ ਜਨਤਕ ਮੰਚ ‘ਤੇ ਧੜੱਲੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਨਾ ਉਸ ਨੂੰ ਪਸੰਦ ਹੈ। ਇਸ ਸਬੰਧੀ ਪੁੱਛਣ ‘ਤੇ ਉਸ ਦਾ ਜਵਾਬ ਬਹੁਤ ਦਿਲਚਸਪ ਹੁੰਦਾ ਹੈ, ”ਹਿੰਦੀ ਤੋਂ ਚਿੜਨ ਵਾਲੀ ਕੋਈ ਗੱਲ ਨਹੀਂ। ਬੰਗਲੌਰ ਵਿੱਚ ਰਹਿਣ ਦੌਰਾਨ ਦੋਸਤਾਂ ਵਿੱਚ ਅਸੀਂ ਆਮਤੌਰ ‘ਤੇ ਹਿੰਦੀ ਅੰਗਰੇਜ਼ੀ ਮਿਸ਼ਰਤ ਹੀ ਗੱਲ ਕਰਦੇ ਸੀ। ਫ਼ਿਲਮਾਂ ਦੇ ਆਪਣੇ ਸਾਰੇ ਕੰਮ ਵੀ ਮੈਂ ਹਿੰਦੀ ਵਿੱਚ ਆਸਾਨੀ ਨਾਲ ਕਰ ਲੈਂਦੀ ਹਾਂ। ਜ਼ਿਆਦਾਤਰ ਸਾਹਮਣੇ ਵਾਲੇ ਨੂੰ ਹਿੰਦੀ ਸਮਝ ਵਿੱਚ ਨਾ ਆਉਣ ਕਾਰਨ ਮੈਨੂੰ ਮਜਬੂਰੀ ਵਿੱਚ ਅੰਗਰੇਜ਼ੀ ਬੋਲਣੀ ਪੈਂਦੀ ਹੈ। ਸੱਚ ਤਾਂ ਇਹ ਹੈ ਕਿ ਮੇਰੀ ਰੋਜ਼ਾਨਾ ਜ਼ਿੰਦਗੀ ਵਿੱਚ ਹਿੰਦੀ ਤਾਂ ਆਮ ਚਲਣ ਵਿੱਚ ਹੈ, ਪਰ ਇਹ ਗੱਲ ਵੀ ਸੱਚ ਹੈ ਕਿ ਅੰਗਰੇਜ਼ੀ ਬਿਨਾਂ ਵੀ ਮੇਰਾ ਕੰਮ ਨਹੀਂ ਚੱਲਦਾ।”
ਬਰੇਲੀ ਦੀ ਲੜਕੀ ਪ੍ਰਿਅੰਕਾ ਚੋਪੜਾ ਕਦੇ ਹਿੰਦੀ ਵਿੱਚ ਗੱਲ ਕਰਨਾ ਬਹੁਤ ਪਸੰਦ ਕਰਦੀ ਸੀ। ਹਿੰਦੀ ਵਿੱਚ ਸਕਰਿਪਟ ਵੀ ਪੜ੍ਹਦੀ ਸੀ, ਪਰ ਹੌਲੀਵੁਡ ਦਾ ਨਸ਼ਾ ਚੜ੍ਹਦੇ ਹੀ ਹਿੰਦੀ ਉਸ ਤੋਂ ਬਹੁਤ ਦੂਰ ਹੋ ਗਈ ਹੈ। ਹੁਣ ਉਹ ਭਾਰਤ ਵਿੱਚ ਘੱਟ ਵਿਦੇਸ਼ ਵਿੱਚ ਜ਼ਿਆਦਾ ਰਹਿੰਦੀ ਹੈ। ਇੱਕ ਦੌਰ ਸੀ ਜਦੋਂ ਉਹ ਆਪਣੀ ਪਹਿਲੀ ਫ਼ਲਿਮ ਅੰਦਾਜ਼ ਦੇ ਸੈੱਟ ਉੱਤੇ ਸਾਰਿਆਂ ਨਾਲ ਹਿੰਦੀ ਵਿੱਚ ਗੱਲ ਕਰਦੀ ਨਜ਼ਰ ਆਈ ਸੀ। ਇਹ ਸਿਲਸਿਲਾ ਦੋ ਤਿੰਨ ਸਾਲ ਤਕ ਚੱਲਿਆ, ਪਰ ਜਿਵੇਂ ਹੀ ਐਤਰਾਜ਼ ਹਿੱਟ ਹੋਈ ਤਾਂ ਉਸ ਨੂੰ ਅੰਗਰੇਜ਼ੀ ਜ਼ਿਆਦਾ ਪਸੰਦ ਆਉਣ ਲੱਗੀ। ਹੁਣ ਤਾਂ ਉਸ ਨੂੰ ਅੰਗਰੇਜ਼ੀ ਵਿੱਚ ਗੱਲ ਕਰਨਾ ਪਸੰਦ ਹੈ। ਉਹ ਕਹਿੰਦੀ ਹੈ, ”ਮੇਰੀ ਮੁਸ਼ਕਿਲ ਇਹ ਹੈ ਕਿ ਏਧਰ ਮੇਰੇ ਆਪਣੇ ਸਾਰੇ ਕੰਮ ਅੰਗਰੇਜ਼ੀ ਵਿੱਚ ਹੀ ਹੁੰਦੇ ਰਹੇ ਹਨ। ਨਾਲ ਹੀ ਹੌਲੀਵੁਡ ਫ਼ਿਲਮਾਂ ਵਿੱਚ ਅਮਰੀਕਨ ਸਟਾਈਲ ਵਿੱਚ ਅੰਗਰੇਜ਼ੀ ਬੋਲਣ ਦੀ ਵਜ੍ਹਾ ਨਾਲ ਇਹ ਇੱਕ ਆਦਤ ਬਣ ਚੁੱਕੀ ਹੈ, ਪਰ ਮੈਂ ਹਿੰਦੀ ਨਹੀਂ ਭੁੱਲੀ। ਤੁਸੀਂ ਮੇਰੀ ਨਵੀਂ ਫ਼ਲਿਮ ਭਾਰਤ ਦੇਖ ਕੇ ਇਸ ਗੱਲ ਦਾ ਭਰੋਸਾ ਕਰ ਲਓਗੇ।”
ਅਨੁਸ਼ਕਾ ਸ਼ਰਮਾ ਨੂੰ ਹਿੰਦੀ ਦੀ ਚੰਗੀ ਸਮਝ ਹੈ, ਪਰ ਜ਼ਿਆਦਾਤਰ ਮੌਕਿਆਂ ਉੱਤੇ ਉਹ ਹਿੰਦੀ ਬੋਲਣ ਤੋਂ ਬਚਦੀ ਹੈ। ਹੁਣ ਤਾਂ ਉਹ ਸਾਰੀ ਗੱਲਬਾਤ ਨਾ ਸਿਰਫ਼ ਅੰਗਰੇਜ਼ੀ ਵਿੱਚ ਕਰਦੀ ਹੈ ਸਗੋਂ ਉਹ ਅੰਗਰੇਜ਼ੀ ਵਿੱਚ ਸੋਚਣ ਵੀ ਲੱਗੀ ਹੈ, ਪਰ ਇੱਕ ਚੰਗੀ ਗੱਲ ਇਹ ਹੈ ਕਿ ਉਹ ਆਪਣਾ ਫ਼ਿਲਮੀ ਕੰਮ ਹਿੰਦੀ ਵਿੱਚ ਹੀ ਕਰਦੀ ਹੈ।
ਸਿਤਾਰੀਆਂ ਦੀ ਇਸ ਭੀੜ ਵਿੱਚ ਅਜਿਹੇ ਕਈ ਸਿਤਾਰੇ ਹਨ ਜਿਨ੍ਹਾਂ ਉੱਤੇ ਮਾਣ ਹੈ। ਇਨ੍ਹਾਂ ਵਿੱਚ ਅਮਿਤਾਭ ਬੱਚਨ, ਆਮਿਰ ਖ਼ਾਨ, ਮਾਧੁਰੀ ਦੀਕਸ਼ਿਤ, ਸੇਖਰ ਸੁਮਨ, ਮਨੋਜ ਬਾਜਪੇਈ, ਸ਼ਤਰੁਘਨ ਸਿਨਹਾ, ਕੰਗਣਾ ਰਣੌਤ ਅਤੇ ਗੋਵਿੰਦਾ ਦੀ ਕਾਰਜਸ਼ੈਲੀ ਪੂਰੀ ਤਰ੍ਹਾਂ ਹਿੰਦੀਨੁਮਾ ਹੈ। ਸਕਰਿਪਟ ਤੋਂ ਡਬਿੰਗ ਤਕ ਇਨ੍ਹਾਂ ਦਾ ਸਾਰਾ ਕੰਮ ਹਿੰਦੀ ਵਿੱਚ ਹੀ ਹੁੰਦਾ ਹੈ। ਤੁਸੀਂ ਜ਼ਰਾ ਇਨ੍ਹਾਂ ਦੀਆਂ ਫ਼ਿਲਿਮਾਂ ਦੇ ਸੈੱਟ ਉੱਤੇ ਜਾਓ ਤਾਂ ਉੱਥੋਂ ਦੀ ਬੋਲਚਾਲ ਦੀ ਹਿੰਦੀ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੱਚ ਤਾਂ ਇਹੀ ਹੈ ਕਿ ਇਨ੍ਹਾਂ ਦੀ ਵਜ੍ਹਾ ਨਾਲ ਹੀ ਬੌਲੀਵੁਡ ਅੱਜ ਵੀ ਹਿੰਦੀ ਫ਼ਿਲਮ ਇੰਡਸਟਰੀ ਬਣਿਆ ਹੋਇਆ ਹੈ।