ਨਵੀਂ ਦਿੱਲੀ— ਪਾਕਿਸਤਾਨ ਨੇ ਕੰਟਰੋਲ ਲਾਈਨ ‘ਤੇ ਇਕ ਹੋਰ ਬ੍ਰਿਗੇਡ ਤਾਇਨਾਤ ਕੀਤੀ ਹੈ। ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਦੇ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਗੁਲਾਮ ਕਸ਼ਮੀਰ (ਪੀਓਕੇ) ਦੇ ਪੁੰਛ ਦੇ ਨੇੜੇ ਕੋਟਲੀ ਸੈਕਟਰ ‘ਚ ਪਾਕਿਸਤਾਨੀ ਫੌਜ ਦੀ ਇਕ ਹੋਰ ਟੁਕੜੀ ਦੀ ਤਾਇਨਾਤੀ ਨਾਲ ਸਰਹੱਦ ‘ਤੇ ਹਲਚਲ ਪੈਦਾ ਹੋ ਗਈ ਹੈ। ਇਸ ਬ੍ਰਿਗੇਡ ‘ਚ 2 ਹਜ਼ਾਰ ਤੋਂ ਜ਼ਿਆਦਾ ਫੌਜੀ ਹਨ।
ਅੱਤਵਾਦੀਆਂ ਨੂੰ ਭਾਰਤੀ ਇਲਾਕੇ ‘ਚ ਦਾਖਲ ਕਰਨ ਦੀ ਕੋਸ਼ਿਸ਼
ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਪਾਕਿਸਤਾਨੀ ਫੌਜ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਭਾਰਤੀ ਸਰਹੱਦ ‘ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਰਕ੍ਰੀਕ ਤੇ ਐੱਲ.ਓ.ਸੀ. ਦੇ ਨੇੜੇ ਸਪੈਸ਼ਲ ਫੋਰਸ ਦੀ ਤਾਇਨਾਤੀ ਕੀਤੀ ਸੀ। ਪਾਕਿਸਤਾਨ ਭਾਰਤ ਦੇ ਖਿਲਾਫ ਘੁਸਪੈਠ ਤੇ ਜੰਗਬੰਦੀ ਤੋੜਨ ਦੇ ਲਈ ਇਨ੍ਹਾਂ ਫੌਜੀਆਂ ਦੀ ਵਰਤੋਂ ਕਰ ਸਕਦਾ ਹੈ।
ਭਾਰਤੀ ਫੌਜ ਅਲਰਟ
ਉਧਰ ਪਾਕਿਸਤਾਨੀ ਫੌਜ ਦੀ ਇਸ ਹਲਚਲ ਨਾਲ ਭਾਰਤ ਫੌਜ ਅਲਰਟ ਹੋ ਗਈ ਹੈ। ਉਹ ਐੱਲ.ਓ.ਸੀ. ‘ਤੇ ਹੋ ਰਹੀ ਹਲਚਲ ‘ਤੇ ਪੂਰੀ ਨਜ਼ਰ ਬਣਾਏ ਹੋਏ ਹੈ। ਦੱਸ ਦਈਏ ਕਿ ਹਾਲ ਦੇ ਦਿਨਾਂ ‘ਚ ਲਸ਼ਕਰ ਤੇ ਜੈਸ਼ ਦੇ ਅੱਤਵਾਦੀ ਪਾਕਿਸਤਾਨ ਦੀ ਮੋਹਰੀ ਪੋਸਟ ਵੱਲੋਂ ਹੋ ਕੇ ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ‘ਚ ਲੱਗੀ ਹੋਏ ਹਨ। ਭਾਰਤੀ ਫੌਜ ਦੀ ਸਾਵਧਾਨੀ ਨਾਲ ਪਾਕਿਸਤਾਨ ਆਪਣੇ ਇਰਾਦਿਆਂ ‘ਚ ਸਫਲ ਨਹੀਂ ਹੋ ਸਕਿਆ ਹੈ।
ਧਾਰਾ 370 ਕਾਰਨ ਬੌਖਲਾਇਆ ਪਾਕਿਸਤਾਨ
ਦੱਸ ਦਈਏ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਸਰਕਾਰ ਪੂਰੀ ਤਰ੍ਹਾਂ ਨਾਲ ਬੌਖਲਾ ਗਈ ਹੈ। ਪੂਰੀ ਦੁਨੀਆ ‘ਚ ਡਿਪਲੋਮੈਟਿਕ ਹਾਰ ਤੋਂ ਨਿਰਾਸ਼ ਹੋਣ ਤੋਂ ਬਾਅਦ ਪਾਕਿਸਤਾਨ ਭਾਰਤ ਨੂੰ ਕਦੇ ਪ੍ਰਮਾਣੂ ਬੰਬ ਦੀ ਧਮਕੀ ਦੇ ਰਿਹਾ ਹੈ ਤੇ ਕਦੇ ਕਸ਼ਮੀਰ ‘ਚ ਇਸਲਾਮ ਜਾਂ ਮੁਸਲਮਾਨਾਂ ਦੀ ਆਜ਼ਾਦੀ ਦੀ ਦੁਹਾਈ ਦੇ ਰਿਹਾ ਹੈ। ਹੁਣ ਇਹ ਉਸ ਦਾ ਨਵਾਂ ਪੈਂਤਰਾ ਹੈ।