ਕਿਹਾ – ਹੁਣ ਇਹ ‘ਖਾਸ ਆਦਮੀ ਪਾਰਟੀ’ ਹੋ ਗਈ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ (ਦਿੱਲੀ) ਤੋਂ ਵਿਧਾਇਕ ਅਲਕਾ ਲਾਂਬਾ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਅਲਕਾ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦੇ ਰਾਜਨੀਤਕ ਸਫਰ ਵਿਚ ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਲਈ ਮਿਲਿਆ ਅਤੇ ਹੁਣ ਸਾਰਿਆਂ ਦਾ ਧੰਨਵਾਦ। ਧਿਆਨ ਰਹੇ ਕਿ ਅਲਕਾ ਲਾਂਬਾ ਦੀ ਪਿਛਲੇ ਸਾਲ ਤੋਂ ਹੀ ਪਾਰਟੀ ਨਾਲ ਨਰਾਜ਼ਗੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ‘ਖਾਸ ਆਦਮੀ ਪਾਰਟੀ’ ਬਣ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਲਕਾ ਲਾਂਬਾ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਹੁਣ ਜਲਦੀ ਹੀ ਉਹ ਕਾਂਗਰਸ ‘ਚ ਸ਼ਾਮਲ ਹੋ ਸਕਦੀ ਹੈ।