ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਪੱਧਰ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2012-14 ਦੇ ਮੁਕਾਬਲੇ 2016-18 ‘ਚ ਪਾਰਟੀਕੁਲੇਟ ਮੈਟਰ 2.5 (ਪੀਐੱਮ 2.5) ‘ਚ ਕਮੀ ਆਈ ਹੈ। ਹਵਾ ਪ੍ਰਦੂਸ਼ਣ ‘ਚ ਆ ਰਹੀ ਕਮੀ ਨੂੰ ਲੈ ਕੇ ਉਨ੍ਹਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
ਮੀਡੀਆ ਨਾਲ ਗੱਲ ਕਰਦੇ ਹੋਏ ਕੇਜਰੀਵਾਲ ਨੇ ਕਿਹਾ,”2012-14 ‘ਚ ਹਵਾ ‘ਚ ਪਾਰਟੀਕੁਲੇਟ ਮੈਟਰ (ਪੀਐੱਮ 2.5) ਦਾ ਪੱਧਰ ਔਸਤਨ 144 ਸੀ। ਜੋ 2016-18 ‘ਚ ਘੱਟ ਕੇ 115 ‘ਤੇ ਆ ਗਿਆ ਹੈ। ਇਸ ਦਾ ਮਤਲਬ ਹੋਇਆ ਕਿ ਹਵਾ ਪ੍ਰਦੂਸ਼ਣ ‘ਚ 25 ਫੀਸਦੀ ਦੀ ਕਮੀ ਆਈ ਹੈ।” ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਇਸ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ,”ਈਸਟਰਨ (ਪੂਰਬੀ) ਅਤੇ ਵੈਸਟਰਨ (ਪੱਛਮੀ) ਪੈਰੀਫੇਰਲ ਐਕਸਪ੍ਰੈੱਸ ਵੇਅ ਕਾਰਨ ਦਿੱਲੀ ਦੇ ਪ੍ਰਦੂਸ਼ਣ ਪੱਧਰ ‘ਚ ਕਮੀ ਆਈ ਹੈ। ਇਸ ਲਈ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ।
ਹਵਾ ਗੁਣਵੱਤਾ ‘ਚ ਸੁਧਾਰ ਦਿੱਲੀ ਵਾਸੀਆਂ ਲਈ ਰਾਹਤ ਦੀ ਖਬਰ
ਇਸ ਤੋਂ ਪਹਿਲਾਂ ਬੀਤੀ 31 ਅਗਸਤ ਨੂੰ ਵੀ ਕੇਜਰੀਵਾਲ ਨੇ ਪ੍ਰਦੂਸ਼ਣ ਘੱਟ ਹੋਣ ‘ਤੇ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ,”2015 ਤੋਂ ਦਿੱਲੀ ‘ਚ ਪ੍ਰਦੂਸ਼ਣ ਲਗਾਤਾਰ ਘੱਟ ਹੋ ਰਿਹਾ ਹੈ। ਸਾਰਿਆਂ ਦੀ ਮਿਹਨਤ ਅਤੇ ਸਹਿਯੋਗ ਰੰਗ ਲਿਆਇਆ। ਸਾਰਿਆਂ ਨੂੰ ਵਧਾਈ। ਹੁਣ ਇਸ ਨੂੰ ਵਧਣ ਨਹੀਂ ਦੇਣਾ ਹੈ ਹੋਰ ਘੱਟ ਕਰਨਾ ਹੈ। ਨਵੰਬਰ ‘ਚ ਗੁਆਂਢੀ ਰਾਜਾਂ ਤੋਂ ਪਰਾਲੀ ਸੜਨ ਦਾ ਧੂੰਆਂ ਆਏਗਾ, ਅਸੀਂ ਉਸ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੂਰੀ ਯੋਜਨਾ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ‘ਚ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ।” ਦਿੱਲੀ ‘ਚ ਬੀਤੇ ਕਰੀਬ ਇਕ ਦਹਾਕੇ ‘ਚ ਹਵਾ ਪ੍ਰਦੂਸ਼ਣ ‘ਚ ਕਰੀਬ 25 ਫੀਸਦੀ ਕਮੀ ਆਈ ਹੈ। ਹਾਲਾਂਕਿ ਹਾਲੇ ਵੀ ਇਹ ਆਮ ਤੋਂ 65 ਫੀਸਦੀ ਵਧ ਹੈ। ਸਰਕਾਰ ਨੂੰ ਇਸ ਨੂੰ ਆਮ ਬਣਾਉਣ ਲਈ ਹਾਲੇ ਹੋਰ ਸਖਤ ਕਦਮ ਚੁੱਕਣ ਦੀ ਲੋੜ ਹੈ। ਹਾਲਾਂਕਿ ਹਵਾ ਗੁਣਵੱਤਾ ‘ਚ ਸੁਧਾਰ ਦਿੱਲੀ ਵਾਸੀਆਂ ਲਈ ਰਾਹਤ ਦੀ ਖਬਰ ਹੈ।