ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ‘ਚੰਦਰਯਾਨ-2’ ਮੁਹਿੰਮ ਬਾਰੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਇਕ ਲੋਕਪ੍ਰਿਯ ਗੀਤ ਦੀ ਉਤਸ਼ਾਹਜਨਕ ਲਾਈਨਾਂ ਦੀ ਵਰਤੋਂ ਕਰਦੇ ਹੋਏ ਕਿਹਾ,”ਹਮ ਹੋਂਗੇ ਕਾਮਯਾਬ, ਮਨ ਮੇਂ ਹੈ ਵਿਸ਼ਵਾਸ, ਪੂਰਾ ਹੈ ਵਿਸ਼ਵਾਸ, ਹਮ ਹੋਂਗੇ ਕਾਮਯਾਬ ਏਕ ਦਿਨ।” ਚੰਦਰਯਾਨ-2 ਦੇ ਅਧੀਨ ਵਿਕਰਮ ਮਾਡਿਊਲ ਨੂੰ ਚੰਨ ਦੀ ਸਤਿਹ ‘ਤੇ ਤੈਅ ਯੋਜਨਾ ਅਨੁਸਾਰ ਉਤਾਰਨ ਦੀ ਇਸਰੋ ਦੀ ਯੋਜਨਾ ਪੂਰੀ ਨਹੀਂ ਹੋ ਸਕੀ। ਆਖਰੀ ਪਲਾਂ ‘ਚ ਲੈਂਡਰ ਦਾ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਕੋਵਿੰਦ ਨੇ ਆਸ ਜ਼ਾਹਰ ਕੀਤੀ ਹੈ ਕਿ ਭਾਰਤ ਅਗਲੀ ਵਾਰ ਆਪਣੀ ਚੰਨ ਮੁਹਿੰਮ ‘ਚ ਸਫ਼ਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਸ਼੍ਰੀਹਰਿਕੋਟਾ ਗਏ ਸਨ ਤਾਂ ਉਨ੍ਹਾਂ ਨੇ ਖੁਦ ਵਿਸ਼ਾਲ ਵਾਹਕ ‘ਬਾਹੁਬਲੀ’ ਨੂੰ ਦੇਖਿਆ ਸੀ। ਉਨ੍ਹਾਂ ਨੇ ਕਿਹਾ,”ਅਸੀਂ 3.84 ਲੱਖ ਕਿਲੋਮੀਟਰ ਦੀ ਯਾਤਰਾ ਸਫ਼ਲਤਾ ਨਾਲ ਪੂਰੀ ਕੀਤੀ। ਸਿਰਫ਼ 2.1 ਕਿਲੋਮੀਟਰ ਰਹਿ ਗਏ ਸੀ। ਇੰਨੇ ਵੱਡੇ ਪੱਧਰ ‘ਤੇ ਬਚੀ ਦੂਰੀ ਮਾਮੂਲੀ ਜਿਹੀ ਹੈ। ਇਹ ਇਕ ਬਹੁਤ ਵੱਡੀ ਉਪਲੱਬਧੀ ਹੈ।” ਉਨ੍ਹਾਂ ਨੇ ਕਿਹਾ,”ਮੈਂ ਕਹਿਣਾ ਚਾਹੁੰਦਾ- ਹਮ ਹੋਂਗੇ ਕਾਮਯਾਬ, ਮਨ ਮੇਂ ਹੈ ਵਿਸ਼ਵਾਸ, ਪੂਰਾ ਹੈ ਵਿਸ਼ਵਾਸ, ਹਮ ਹੋਂਗੇ ਕਾਮਯਾਬ ਏਕ ਦਿਨ।” ਰਾਸ਼ਟਰਪਤੀ ਨੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਸਰੋ ਦੇ ਚੀਫ ਕੇ. ਸੀਵਾਨ ਅਤੇ ਉਨ੍ਹਾਂ ਦੀ ਟੀਮ ਸਾਡੇ ਲਈ ਆਦਰਸ਼ ਹੋਵੇਗੀ।
ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਇਸਰੋ ਦੇ ਵਿਗਿਆਨੀਆਂ ‘ਤੇ ਮਾਣ ਜਤਾਇਆ ਹੈ। ਉਨ੍ਹਾਂ ਨੇ ਚੰਦਰਯਾਨ-2 ਲਈ ਇਸਰੋ ਦੇ ਵਿਗਿਆਨੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੂਰੇ ਦੇਸ਼ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ‘ਤੇ ਮਾਣ ਹੈ। ਕੁਮਾਰ ਨੇ ਕਿਹਾ,”ਸਾਨੂੰ ਇਕ ਮਹੱਤਵਪੂਰਨ ਉਪਲੱਬਧੀ ਲਈ ਉਨ੍ਹਾਂ ਦੀਆਂ (ਵਿਗਿਆਨੀਆਂ) ਕੋਸ਼ਿਸ਼ਾਂ ‘ਤੇ ਮਾਣ ਹੈ। ਪੂਰਾ ਦੇਸ਼ ਇਸਰੋ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਖੜ੍ਹਾ ਹੈ।” ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕੀਤਾ,”ਸਾਨੂੰ ਸਾਡੇ ਵਿਗਿਆਨੀਆਂ ‘ਤੇ ਮਾਣ ਹੈ। ਇਸਰੋ ਟੀਮ ਨੇ ਚੰਦਰਯਾਨ-2 ਲਈ ਸਖਤ ਮਿਹਨਤ ਕੀਤੀ।” ਉਨ੍ਹਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਉਨ੍ਹਾਂ ਨਾਲ ਹੈ।