ਨਵੀਂ ਦਿੱਲੀ— ‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਸਫ਼ਰ ਥੋੜ੍ਹਾ ਲੰਬਾ ਜ਼ਰੂਰ ਹੋਇਆ ਹੈ ਪਰ ਆਉਣ ਵਾਲੇ ਕੱਲ ਸਫ਼ਲਤਾ ਜ਼ਰੂਰ ਮਿਲੇਗੀ। ਸੋਨੀਆ ਨੇ ਇਕ ਬਿਆਨ ‘ਚ ਇਸਰੋ ਦੇ ਵਿਗਿਆਨੀਆਂ ਦੀਆਂ ਜ਼ਿਕਰਯੋਗ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ,”ਅਸੀਂ ਇਸਰੋ ਅਤੇ ਇਸ ਨਾਲ ਜੁੜੇ ਪੁਰਸ਼ ਅਤੇ ਔਰਤਾਂ ਦੇ ਕਰਜ਼ਦਾਰ ਹਾਂ। ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਣ ਨੇ ਭਾਰਤ ਨੂੰ ਪੁਲਾੜ ਦੀ ਦੁਨੀਆ ‘ਚ ਮੋਹਰੀ ਦੇਸ਼ਾਂ ਦੀ ਲਾਈਨ ‘ਚ ਸ਼ਾਮਲ ਕਰ ਦਿੱਤਾ ਹੈ ਅਤੇ ਅੱਗੇ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਸਿਤਾਰਿਆਂ ਤੱਕ ਪਹੁੰਚਣ।”
ਸੋਨੀਆ ਨੇ ਕਿਹਾ,”ਇਹ ਸਾਡੇ ਵਿਗਿਆਨੀਆਂ ਦੀ ਜ਼ਿਕਰਯੋਗ ਸਮਰੱਥਾ ਅਤੇ ਹਰ ਭਾਰਤੀ ਦੇ ਦਿਲ ‘ਚ ਉਨ੍ਹਾਂ ਲਈ ਖਾਸ ਜਗ੍ਹਾ ਹੋਣ ਦਾ ਪ੍ਰਮਾਣ ਹੈ।” ਉਨ੍ਹਾਂ ਨੇ ਕਿਹਾ,”ਚੰਦਰਯਾਨ ਦਾ ਸਫ਼ਰ ਥੋੜ੍ਹਾ ਲੰਬਾ ਜ਼ਰੂਰ ਹੋਇਆ ਹੈ ਪਰ ਇਸਰੋ ਦਾ ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਕਿ ਨਾਉਮੀਦੀ ‘ਚ ਉਮੀਦ ਪੈਦਾ ਹੋਈ, ਉਹ ਕਦੇ ਹਾਰ ਨਹੀਂ ਮੰਨਦੇ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉੱਥੇ ਪਹੁੰਚਾਂਗੇ, ਭਾਵੇਂ ਹੀ ਅੱਜ ਨਹੀਂ ਪਹੁੰਚ ਗਏ ਪਰ ਕੱਲ ਅਸੀਂ ਜ਼ਰੂਰ ਪਹੁੰਚਾਂਗੇ। ਦੱਸਣਯੋਗ ਹੈ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ, ਜਦੋਂ ਲੈਂਡਰ ਚੰਨ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉੱਚਾਈ ‘ਤੇ ਸੀ। ਲੈਂਡਰ ਨੂੰ ਰਾਤ ਲਗਭਗ 1.38 ਵਜੇ ਚੰਨ ਦੀ ਸਤਿਹ ‘ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਚੰਨ ‘ਤੇ ਹੇਠਾਂ ਵੱਲ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉੱਚਾਈ ‘ਤੇ ਜ਼ਮੀਨੀ ਸਟੇਸ਼ਨ ਤੋਂ ਇਸ ਦਾ ਸੰਪਰਕ ਟੁੱਟ ਗਿਆ।