ਨਵੀਂ ਦਿੱਲੀ— ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਅੱਜ ਭਾਵ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਕਸ਼ਮੀਰ ਤੋਂ ਧਾਰਾ-370 ਹਟਾਉਣ ਦੇ ਪੱਖ ‘ਚ ਜ਼ਿਆਦਾਤਰ ਕਸ਼ਮੀਰੀ ਸਮਰਥਨ ਕਰਦੇ ਹਨ। ਉਹ ਲੋਕ ਵੱਧ ਤੋਂ ਵੱਧ ਮੌਕੇ, ਭਵਿੱਖ, ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਦੇਖਦੇ ਹਨ। ਸਿਰਫ ਕੁਝ ਗਿਣੇ-ਚੁਣੇ ਲੋਕ ਹੀ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੌਜ ਦੇ ਅੱਤਿਆਚਾਰਾਂ ਦਾ ਕੋਈ ਸਵਾਲ ਨਹੀਂ ਉਠਦਾ। ਸਿਰਫ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਫੋਰਸ ਜਨਤਕ ਵਿਵਸਥਾ ਨੂੰ ਸੰਭਾਲ ਰਹੀਆਂ ਹਨ। ਅੱਤਵਾਦੀਆਂ ਨਾਲ ਲੜਨ ਲਈ ਭਾਰਤੀ ਫੌਜ ਉੱਥੇ ਮੌਜੂਦ ਹੈ। ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿਚ 199 ਥਾਣਿਆਂ ‘ਚੋਂ ਹੁਣ ਸਿਰਫ 10 ਥਾਣਾ ਖੇਤਰਾਂ ਵਿਚ ਪਾਬੰਦੀ ਹੈ। ਸੂਬੇ ਵਿਚ 100 ਫੀਸਦੀ ਲੈਂਡ ਲਾਈਨ ਸੇਵਾ ਚਾਲੂ ਹੋ ਚੁੱਕੀ ਹੈ। ਡੋਭਾਲ ਨੇ ਕਿਹਾ ਕਿ ਕਸ਼ਮੀਰੀਆਂ ਦੀ ਰੱਖਿਆ ਲਈ ਅਸੀਂ ਸੰਕਲਪ ਲਿਆ ਹੈ ਅਤੇ ਇਸ ਲਈ ਜੇਕਰ ਸਾਨੂੰ ਕੁਝ ਪਾਬੰਦੀਆਂ ਲਾਉਣੀਆਂ ਪੈਣ ਤਾਂ ਅਸੀਂ ਉਹ ਵੀ ਕਰਨ ਲਈ ਤਿਆਰ ਹਾਂ। ਕਸ਼ਮੀਰ ‘ਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਹੈ ਅਤੇ ਹਾਲਾਤ ਆਮ ਹਨ। ਅਸੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਹਾਂ। ਉਨ੍ਹਾਂ ਨੇ ਸੋਪੋਰ ਵਿਚ ਜ਼ਖਮੀ ਹੋਈ ਢਾਈ ਸਾਲ ਦੀ ਬੱਚੀ ਨੂੰ ਇਲਾਜ ਲਈ ਏਮਜ਼ ਲਿਆਉਣ ਦਾ ਨਿਰਦੇਸ਼ ਦਿੱਤਾ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸਰਹੱਦ ਪਾਰ ਤੋਂ ਅੱਤਵਾਦੀਆਂ ਗਤੀਵਿਧੀਆਂ ਦਾ ਨਿਰਦੇਸ਼ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਰਹੱਦ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਪਾਕਿਸਤਾਨ ਦੇ ਸੰਚਾਰ ਟਾਵਰ ਹਨ। ਉਹ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਉਨ੍ਹਾਂ ਦੀ ਗੱਲਬਾਤ ਸੁਣੀ ਹੈ, ਜਿਸ ਵਿਚ ਉਹ ਆਪਣੇ ਆਦਮੀਆਂ ਨੂੰ ਕਹਿ ਰਹੇ ਹਨ ਕਿ ਤੁਸੀਂ ਲੋਕ ਕੀ ਕਰ ਰਹੇ ਹੋ? ਇੱਥੇ (ਕਸ਼ਮੀਰ ਵਿਚ) ਇੰਨੇ ਸਾਰੇ ਸੇਬ ਨਾਲ ਭਰੇ ਟਰੱਕ ਕਿਵੇਂ ਚੱਲ ਰਹੇ ਹਨ? ਕੀ ਤੁਸੀਂ ਲੋਕ ਉਨ੍ਹਾਂ ਨੂੰ ਬੰਦ ਨਹੀਂ ਕਰ ਸਕਦੇ? ਤੁਹਾਡੇ ਲਈ ਕੀ ਹੁਣ ਚੂੜੀਆ ਭਿਜਵਾ ਦੇਈਏ?