ਜਲੰਧਰ : ‘ਰਾਮ ਸੀਆ ਕੇ ਲਵ ਕੁਸ਼’ ਸੀਰੀਅਲ ਵਿਚ ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਤੋੜ ਮਰੋੜ ਕੇ ਪ੍ਰਸਾਰਿਤ ਕਰਨ ਕਾਰਣ ਗੁੱਸੇ ‘ਚ ਆਏ ਵਾਲਮੀਕਿ ਭਾਈਚਾਰੇ ਵਲੋਂ 7 ਸਤੰਬਰ ਨੂੰ ਦਿੱਤੇ ਗਏ ਬੰਦ ਦਾ ਜਲੰਧਰ ਵਿਚ ਖਾਸਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਜਲੰਧਰ ਦੀ ਬਸਤੀ ਪੀਰ ਦਾਦ ਵਿਖੇ ਵਾਲਮੀਕਿ ਭਾਈਚਾਰੇ ਵਲੋਂ ਟਾਇਰ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਬੰਦ ਦੇ ਸੱਦੇ ਕਾਰਨ ਪੂਰੇ ਜਲੰਧਰ ‘ਚ ਸੁੰਨ ਪੱਸਰੀ ਰਹੀ। ਵੱਡੇ ਬਾਜ਼ਾਰਾਂ ਤੋਂ ਲੈ ਕੇ ਗਲੀ-ਮੁਹੱਲਿਆਂ ਦੀਆਂ ਦੁਕਾਨਾਂ ਤੱਕ ਬੰਦ ਰਹੀਆਂ ਜਦਕਿ ਬਸਤੀ ਪੀਰ ਦਾਦ ‘ਚ ਨਾ ਸਿਰਫ ਪ੍ਰਦਰਸ਼ਨਕਾਰੀਆਂ ਵਲੋਂ ਟਾਇਰ ਫੂਕ ਕੇ ਰੋਸ ਜਤਾਇਆ ਗਿਆ, ਸਗੋਂ ਬਸਤੀ ਦੇ ਰਾਹ ਬੰਦ ਕਰਦਿਆਂ ਕਿਸੇ ਨੂੰ ਵੀ ਉਥੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸੀਰੀਅਲ ‘ਚ ਵਿਖਾਈ ਜਾ ਰਹੀ ਲਵ-ਕੁਸ਼ ਦੀ ਕਹਾਣੀ ‘ਚ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਭਗਵਾਨ ਵਾਲਮੀਕਿ ਦਾ ਰੋਲ ਕੋਈ ਵਿਅਕਤੀ ਨਹੀਂ ਨਿਭਾਆ ਸਕਦਾ। ਵਿਖਾਵਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਸ ਨਾਟਕ ‘ਤੇ ਰੋਕ ਨਾ ਲਗਾਈ ਗਈ ਤਾਂ ਭਾਰਤ ਬੰਦ ਕੀਤਾ ਜਾਵੇਗਾ।