ਸਮਰਾਲਾ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਘਰ-ਘਰ ਰੋਜ਼ਗਾਰ’ ਤਹਿਤ ਸੂਬੇ ਭਰ ‘ਚ ਸਤੰਬਰ ਮਹੀਨੇ ‘ਚ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲਾ ਲੁਧਿਆਣਾ ‘ਚ 9, 10 ਅਤੇ 11 ਸਤੰਬਰ ਨੂੰ ਲੁਧਿਆਣਾ, ਜਗਰਾਓਂ, ਖੰਨਾ ਅਤੇ ਸਮਰਾਲਾ ਵਿਖੇ ਇਹ ਮੇਲੇ ਲਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਦਾ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਨੇ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ‘ਚ 9 ਸਤੰਬਰ ਨੂੰ ਸਰਕਾਰੀ ਆਈ. ਟੀ. ਗਿੱਲ ਰੋਡ ਵਿਖੇ 10 ਸਤੰਬਰ ਨੂੰ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਖੰਨਾ ਵਿਖੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇਸ਼ ਆਈ. ਟੀ. ਆਈ. (ਲੜਕੀਆਂ) ਸਮਰਾਲਾ ਵਿਖੇ ਇਹ ਮੇਲੇ ਲੱਗਣਗੇ।
ਇਸ ਤੋਂ ਇਲਾਵਾ 11 ਸਤੰਬਰ ਨੂੰ ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ, ਟੈਕਨਾਲੋਜੀ ਰਿਸ਼ੀ ਨਗਰ ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਲਾਏ ਜਾਣਗੇ। ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ 18 ਸਤੰਬਰ ਨੂੰ ਅਜੀਤਗੜ੍ਹ (ਮੋਹਾਲੀ) ਵਿਖੇ ਮੈਗਾ ਰੋਜ਼ਗਾਰ ਮੇਲਾ ਵੀ ਲਾਇਆ ਜਾ ਰਿਹਾ ਹੈ, ਜਿਸ ‘ਚ ਯੋਗ ਉਮੀਦਵਾਰਾਂ ਨੂੰ ਘੱਟੋ-ਘੱਟ 3 ਲੱਖ ਰੁਪਏ ਦਾ ਪੈਕੇਜ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਮਕਸਦ ਜ਼ਿਲਾ ਲੁਧਿਆਣਾ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ।