ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਗ੍ਰਿਫਤਾਰ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨਾਲ ਜੁੜੇ ਮਾਮਲੇ ‘ਚ ਕਿਸੇ ਵੀ ਅਧਿਕਾਰੀ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਹੈ। ਚਿਦਾਂਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਟਿੱਪਣੀ ਪੋਸਟ ਕੀਤੀ। ਚਿਦਾਂਬਰਮ ਨੇ ਕਿਹਾ,”ਲੋਕਾਂ ਨੇ ਮੈਨੂੰ ਪੁੱਛਿਆ ਕਿ ਜੇਕਰ ਉਨ੍ਹਾਂ ਦਰਜਨ ਭਰ ਅਧਿਕਾਰੀਆਂ ਜਿਨ੍ਹਾਂ ਨੇ ਮਾਮਲੇ ਨੂੰ ਤੁਹਾਡੇ ਤੱਕ ਪਹੁੰਚਾਇਆ ਅਤੇ ਸਿਫਾਰਿਸ਼ ਕੀਤੀ, ਗ੍ਰਿਫਤਾਰ ਨਹੀਂ ਕੀਤੇ ਗਏ ਤਾਂ ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ? ਸਿਰਫ਼ ਇਸ ਲਈ ਕਿ ਤੁਸੀਂ ਆਖਰੀ ਦਸਤਖ਼ਤ ਕੀਤੇ?”
ਉਨ੍ਹਾਂ ਨੇ ਕਿਹਾ,”ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਕਿਸੇ ਅਧਿਕਾਰੀ ਨੇ ਕੁਝ ਗਲਤ ਨਹੀਂ ਕੀਤਾ ਹੈ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਗ੍ਰਿਫਤਾਰੀ ਹੋਵੇ।” ਦੱਸਣਯੋਗ ਹੈ ਕਿ ਚਿਦਾਂਬਰਮ ਨੂੰ ਸੀ.ਬੀ.ਆਈ. ਨੇ ਆਈ.ਐੱਨ.ਐਕਸ ਮੀਡੀਆ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਉਹ ਨਿਆਇਕ ਹਿਰਾਸਤ ‘ਚ ਹਨ ਅਤੇ ਤਿਹਾੜ ਜੇਲ ‘ਚ ਬੰਦ ਹਨ।