ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਟਕਸਾਲੀ ਅਕਾਲੀ ਦਲ ਆਗੂ ਬੀਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ‘ਚ ਪੜ੍ਹ ਰਹੇ 35 ਤੋਂ ਵੱਧ ਕਸ਼ਮੀਰੀ ਵਿਦਿਆਰਥੀ, ਇਸ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਮੈਨੂੰ ਫੋਨ ‘ਤੇ ਆਪਣੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਸਾਰੇ ਪਿਛਲੇ ਮਹੀਨੇ ਭਾਵ 5 ਅਗਸਤ ਤੋਂ ਆਪਣੇ ਮਾਪਿਆਂ ਨਾਲ, ਕਸ਼ਮੀਰ ਵਾਦੀ ‘ਚ ਸੰਪਰਕ ‘ਚ ਨਹੀਂ ਹਾਂ। ਸਾਨੂੰ ਆਪਣੇ ਮਾਪਿਆਂ ਦੇ ਦੁੱਖ-ਸੁੱਖ ਬਾਰੇ ਕੋਈ ਉੱਘ-ਸੁੱਘ ਨਹੀਂ ਅਤੇ ਨਾ ਹੀ ਸਾਡੇ ਮਾਂ-ਬਾਪ ਨੂੰ ਸਾਡੇ ਬਾਰੇ ਕੋਈ ਜਾਣਕਾਰੀ ਹੈ। ਅਗਸਤ ਮਹੀਨੇ ਤੋਂ ਪਹਿਲਾਂ ਹੀ ਜੋ ਖਰਚਾ ਸਾਨੂੰ ਮਾਤਾ ਪਿਤਾ ਵਲੋਂ ਭੇਜਿਆ ਗਿਆ ਸੀ, ਉਹ ਅਸੀਂ ਖਰਚ ਕਰ ਚੁੱਕੇ ਹਾਂ।
ਵਿਦਿਆਰਥੀਆਂ ਨੇ ਦੱਸਿਆ ਕਿ ਨਾ ਤਾਂ ਕਾਲਜ ਦੀਆਂ ਫੀਸਾਂ ਭਰਨ ਲਈ ਸਾਡੇ ਕੋਲ ਪੈਸੇ ਹਨ ਅਤੇ ਨਾ ਹੀ ਰੋਟੀ-ਪਾਣੀ ਜਾਂ ਦਵਾਈਆਂ ਆਦਿ ਖਰੀਦਣ ਲਈ। ਸਾਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਨਾਲ ਅਜਿਹਾ ਅਨਿਆਂ ਕਿਉਂ ਹੋ ਰਿਹਾ ਹੈ?
ਬੀਰ ਦਵਿੰਦਰ ਨੇ ਕਿਹਾ ਕਿ ਮੈਂ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਮੁਸੀਬਤ ‘ਚ ਫਸੇ ਕਸ਼ਮੀਰੀ ਵਿਦਿਆਰਥੀਆਂ ਦੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲੋੜੀਂਦੀ ਇਮਦਾਦ ਕਰਵਾਈ ਜਾਵੇ। ਮੈਂ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਨ੍ਹਾਂ ਮੁਸੀਬਤ ਮਾਰੇ ਕਸ਼ਮੀਰੀ ਵਿਦਿਆਰਥੀਆਂ ਦੀ ਹਰ ਇਮਦਾਦ ਕਰਨ ਦੀ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਉਹ ਵਿਦਿਆਰਥੀਆਂ ਨੂੰ ਖੁਦ ਮਿਲਣ ਲਈ ਵੀ ਤਲਵੰਡੀ ਸਾਬੋ ਜਾ ਰਹੇ ਹਨ।