ਮਾਛੀਵਾੜਾ ਸਾਹਿਬ : ਸਿੱਖ ਧਰਮ ਪ੍ਰਚਾਰਕ ਅਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਖਿਲਾਫ਼ ਅਦਾਲਤ ਵਿਚ ਮਾਣਹਾਨੀ ਦਾ ਦਾਅਵਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਅਸੀਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਪ੍ਰਚਾਰ ਕੀਤਾ ਅਤੇ ਪ੍ਰੈਕਟੀਕਲ ਤੌਰ ‘ਤੇ ਅਸੀਂ ਬਾਣੀ ਨੂੰ ਜੀਵਨ ਜਾਚ ਮੰੰਨਦੇ ਹਾਂ ਪਰ ਕੁੱਝ ਸਿੱਖ ਧਰਮ ਦੇ ਪ੍ਰਚਾਰਕ ਲੋਕਾਂ ਨੂੰ ਗੁਰੂ ਦੀ ਬਾਣੀ ਰਾਹੀਂ ਵੱਡੀਆਂ-ਵੱਡੀਆਂ ਕਰਾਮਾਤਾਂ ਸੁਣਾ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਕੇਵਲ ਸੰਗਤ ਨੂੰ ਸੁਚੇਤ ਕੀਤਾ ਸੀ ਕਿ ਉਹ ਕਰਾਮਾਤਾਂ ਵਿਚ ਵਿਸ਼ਵਾਸ ਨਾ ਰੱਖਣ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੋਚਣ, ਸਮਝਣ ਅਤੇ ਉਸਦੇ ਦਰਸਾਏ ਮਾਰਗ ‘ਤੇ ਚੱਲਣ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੇ ਪੁੱਤਰ ਭਾਈ ਗੁਰਪ੍ਰੀਤ ਸਿੰਘ ਨੇ ਪਹਿਲਾਂ ਉਨ੍ਹਾਂ ਖਿਲਾਫ਼ ਗਲਤ ਟਿੱਪਣੀਆਂ ਕੀਤੀਆਂ ਤਾਂ ਉਨ੍ਹਾਂ ਨੂੰ ਬੋਲ ਕੇ ਸੰਗਤ ਵਿਚ ਜਵਾਬ ਦੇਣਾ ਪਿਆ। ਉਨ੍ਹਾਂ ਕਿਹਾ ਕਿ ਰੰਧਾਵੇ ਵਾਲਿਆਂ ਨੇ ਉਨ੍ਹਾਂ ਖਿਲਾਫ਼ ਇਹ ਪ੍ਰਚਾਰ ਕੀਤਾ ਕਿ ਅੱਜਕੱਲ੍ਹ ਦੇ ਪ੍ਰਚਾਰਕ ਤਰਕਸ਼ੀਲਾਂ ਵਾਲਾ ਪ੍ਰਚਾਰ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਬਾਣਾ ਉਤਾਰ ਦੇਣਾ ਚਾਹੀਦਾ ਹੈ ਅਤੇ ਪੰਥ ‘ਚੋਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੱਲੇ ਉਨ੍ਹਾਂ ਦਾ ਨਹੀਂ ਬਲਕਿ ਸਾਰੀ ਲੋਕਾਈ ਦਾ ਹੈ ਅਤੇ ਉਨ੍ਹਾਂ ਹਮੇਸ਼ਾ ਬਾਣੀ ਦਾ ਅਰਥ ਸਮਝਾ ਲੋਕਾਂ ਨੂੰ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ ਨਾ ਕਿ ਕਈ ਹੋਰਨਾਂ ਪ੍ਰਚਾਰਕਾਂ ਵਾਂਗ ਵੱਡੀਆਂ-ਵੱਡੀਆਂ ਗੱਪਾਂ ਤੇ ਕਰਾਮਾਤਾਂ ਸੁਣਾ ਗੁੰਮਰਾਹ ਕੀਤਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਮਾਣਹਾਨੀ ਦਾ ਕੇਸ ਕਰਨ ਵਾਲੇ ਗੁਰਪ੍ਰੀਤ ਸਿੰਘ ਰੰਧਾਵਾ ਦੇ ਪਿਤਾ ਹਰੀ ਸਿੰਘ ਵਲੋਂ ਜੋ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਕੀਤੀਆਂ ਕਰਾਮਾਤੀ ਗੱਲਾਂ ਸੋਸ਼ਲ ਮੀਡੀਆ ‘ਤੇ ਦੇਖੀਆਂ ਜਾਂਦੀਆਂ ਸਨ ਅਤੇ ਉਸ ਨੇ ਪ੍ਰਚਾਰ ਕੀਤਾ ਸੀ ਕਿ ਬੀਬੀਆਂ ਪੰਜ ਦਿਨ ਮਹਾਂਵਾਰੀ ਦੇ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾ ਪੜ੍ਹਨ ਜਦਕਿ ਅਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਕਿਤੇ ਵੀ ਨਹੀਂ ਲਿਖਿਆ। ਇਸ ਤੋਂ ਇਲਾਵਾ ਇਹ ਵੀ ਕਰਾਮਾਤ ਦਾ ਪ੍ਰਚਾਰ ਕੀਤਾ ਕਿ ਪਾਥੀਆਂ ‘ਚੋਂ ਰਾਮ-ਰਾਮ ਦੀ ਆਵਾਜ਼ ਆਉਂਦੀ ਹੈ, ਕੀਰਤਪੁਰ ਸਾਹਿਬ ਵਿਖੇ 20-20 ਫੁੱਟ ਲੰਬੇ ਸ਼ਹੀਦ ਰਹਿੰਦੇ ਹਨ ਅਤੇ ਅਜਿਹਾ ਪ੍ਰਚਾਰ ਸਿੱਖ ਸੰਗਤ ਨੂੰ ਬਾਣੀ ਨਾਲ ਜੋੜਦਾ ਨਹੀਂ ਤੋੜਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਿਤੇ ਵੀ ਕਰਾਮਾਤਾਂ ਦਾ ਜ਼ਿਕਰ ਨਹੀਂ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰ ਬਣ ਕੇ ਬਾਣੀ ਦਾ ਪ੍ਰਚਾਰ ਕਰਦੇ ਰਹਿਣਗੇ ਅਤੇ ਸੰਗਤ ਨੂੰ ਬਾਣੀ ਦੇ ਅਰਥ ਸਮਝਾ ਸਿੱਖੀ ਨਾਲ ਜੋੜਨਗੇ ਜਿਸ ਕਾਰਨ ਅੱਜ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਸਮਝਣ ਲੱਗ ਪਈ ਹੈ ਅਤੇ ਕਰਾਮਾਤਾਂ ਤੋਂ ਦੂਰ ਹੋ ਰਹੀ ਹੈ ਜੋ ਕਿ ਇਨ੍ਹਾਂ ਬਾਬਿਆਂ ਨੂੰ ਚੰਗੀ ਨਹੀਂ ਲੱਗ ਰਹੀ ਜਿਸ ਕਾਰਨ ਇਨ੍ਹਾਂ ਦੇ ਡੇਰੇ ਬੰਦ ਹੋ ਰਹੇ ਹਨ।
ਕਰਾਮਾਤੀ ਬਾਬੇ ਆਪਣਾ ਘਾਟਾ 2 ਕਰੋੜ ਰੁਪਏ ਮਾਣਹਾਨੀ ਦਾ ਦਾਅਵਾ ਕਰ ਵਸੂਲਣਗੇ?
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ‘ਤੇ ਮਾਣਹਾਨੀ ਦਾ ਦਾਅਵਾ ਕਰਨ ਵਾਲਿਆਂ ਨੂੰ ਕਿਹਾ ਕਿ ਮੇਰੇ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਕਾਰਨ ਇਨ੍ਹਾਂ ਦੇ ਕਰਾਮਾਤੀ ਡੇਰੇ ਬੰਦ ਹੋ ਰਹੇ ਹਨ ਜਿਸ ਕਾਰਨ ਬਾਬਿਆਂ ਨੂੰ ਕਰੋੜਾਂ ਰੁਪਏ ਦਾ ਘਾਟਾ ਪਵੇਗਾ ਜਿਸ ਲਈ ਉਨ੍ਹਾਂ ਨੇ ਇਹ ਘਾਟਾ ਪੂਰਾ ਕਰਨ ਲਈ ਮੇਰੇ ਉਪਰ 2 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਕਰ ਦਿੱਤਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਕਈ ਲੋਕ ਬੋਲਦੇ ਹਨ ਪਰ ਉਨ੍ਹਾਂ ਕਦੇ ਕਿਸੇ ਖਿਲਾਫ਼ ਅਦਾਲਤ ਵਿਚ ਮਾਣਹਾਨੀ ਦਾ ਦਾਅਵਾ ਕਰਕੇ ਅਦਾਲਤ ਦਾ ਸਮਾਂ ਖ਼ਰਾਬ ਨਹੀਂ ਕੀਤਾ ਬਲਕਿ ਉਸ ਗੱਲ ਦਾ ਪੂਰਾ ਤੱਥਾਂ ਸਹਿਤ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੁੱਝ ਗਲਤ ਬੋਲਿਆ ਹੈ ਤਾਂ ਉਹ ਸਟੇਜਾਂ ਰਾਹੀਂ ਜਾਂ ਵੀਡਿਓ ਬਣਾ ਕੇ ਆਪਣਾ ਜਵਾਬ ਦੇਣ ਅਤੇ ਸਿੱਖ ਸੰਗਤ ਅੱਗੇ ਸੱਚਾਈ ਸਾਹਮਣੇ ਆ ਜਾਵੇਗੀ ਕਿ ਕੌਣ ਗੁਰੂ ਸਾਹਿਬ ਦੀ ਬਾਣੀ ‘ਚੋਂ ਸਹੀ ਅਰਥਾਂ ਰਾਹੀਂ ਪ੍ਰਚਾਰ ਕਰ ਰਿਹਾ ਹੈ ਅਤੇ ਕੌਣ ਬਾਣੀ ਨੂੰ ਕਰਾਮਾਤਾਂ ਨਾਲ ਜੋੜ ਰਿਹਾ ਹੈ।