ਚੰਡੀਗੜ੍ਹ : ਸੀਨੀਅਰ ਅਕਾਲੀ ਨੇਤਾ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕੱਸਿਆ ਹੈ। ਚੰਦੂਮਾਜਰਾ ਨੇ ਕਿਹਾ ਹੈ ਕੈਪਟਨ ਵਲੋਂ ਅਜਿਹਾ ਕਰਨਾ ਹੈਰਾਨੀਜਨਕ ਹੈ ਕਿਉਂਕਿ ਬੇਰੋਜ਼ਗਾਰਾਂ ਅਤੇ ਹੜ੍ਹ ਪੀੜਤਾਂ ਨੂੰ ਪੈਸੇ ਦੇਣ ‘ਤੇ ਕੈਪਟਨ ਕਹਿੰਦੇ ਹਨ ਕਿ ਖਜ਼ਾਨਾ ਖਾਲੀ ਹੈ ਪਰ ਹੁਣ ਉਹ ਖਜ਼ਾਨਾ ਇਨ੍ਹਾਂ ਵਿਧਾਇਕਾਂ ‘ਤੇ ਲੁਟਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਤੌਰ ‘ਤੇ ਵੀ ਗਲਤ ਹੈ ਅਤੇ ਇਕ ਸਿਆਸੀ ਭ੍ਰਿਸ਼ਟਾਚਾਰ ਹੈ।
ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਦੇ ਮਾਮਲੇ ‘ਤੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਘੱਟ ਗਿਣਤੀਆਂ ਖਿਲਾਫ ਨਕਾਰਾਤਮਕ ਮਾਹੌਲ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਇਸ ਮਾਮਲੇ ‘ਚ ਬਲਦੇਵ ਸਿੰਘ ਨੂੰ ਸਿਆਸੀ ਸ਼ਰਨ ਦੇਵੇ ਅਤੇ ਅੱਗੇ ਤੋਂ ਅਜਿਹਾ ਨਾ ਹੋਵੇ, ਪਾਕਿਸਤਾਨ ਇਸ ਨੂੰ ਯਕੀਨੀ ਬਣਾਵੇ।