ਦੁਬਈ— ਯੂ. ਏ. ਈ. ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜਾ ਕਰਨ ਮਗਰੋਂ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। 43 ਸਾਲਾ ਯੁਗੇਸ਼ ਸੀ. ਐੱਸ. ਨੇ ਆਪਣੀ ਪਤਨੀ ਸੀ. ਵਿਦਿਆ ਚੰਦਰਨ (39) ਦੀ ਅਲ-ਕੋਜ ਦੀ ਇਕ ਕਾਰ ਪਾਰਕਿੰਗ ‘ਚ ਸੋਮਵਾਰ ਨੂੰ ਹੱਤਿਆ ਕਰ ਦਿੱਤੀ। ਜੋੜੇ ਦੇ 16 ਅਤੇ 5 ਸਾਲ ਦੇ ਦੋ ਬੱਚੇ ਹਨ, ਜੋ ਔਰਤ ਦੇ ਮਾਂ-ਬਾਪ ਨਾਲ ਕੇਰਲ ‘ਚ ਰਹਿੰਦੇ ਹਨ।
ਔਰਤ ਦੇ ਭਰਾ ਵਿਨਯਚੰਦਰਨ ਨੇ ਦੱਸਿਆ ਕਿ ਉਸ ਦੀ ਭੈਣ ਉਨ੍ਹਾਂ ਨਾਲ ਓਣਮ ਮਨਾਉਣ ਲਈ ਮੰਗਲਵਾਰ ਨੂੰ ਆਉਣ ਵਾਲੀ ਸੀ। ਵਿਨਯਚੰਦਰਨ ਨੇ ਕਿਹਾ,”ਮੇਰੀ ਉਸ ਨਾਲ ਦੋ ਦਿਨ ਪਹਿਲਾਂ ਹੀ ਗੱਲ ਹੋਈ ਸੀ। ਉਹ ਓਣਮ ਲਈ ਘਰ ਆਉਣ ਅਤੇ ਬੱਚਿਆਂ ਨੂੰ ਮਿਲਣ ਲਈ ਬੇਹੱਦ ਉਤਸ਼ਾਹਿਤ ਸੀ। ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਹੁਣ ਨਹੀਂ ਰਹੀ। ਇਸ ਖਬਰ ਨੂੰ ਸੁਣ ਕੇ ਸਾਡੇ ਮਾਂ-ਬਾਪ ਸਦਮੇ ‘ਚ ਹਨ। ਮੈਂ ਉਨ੍ਹਾਂ ਨੂੰ ਕਿਵੇਂ ਸੰਭਾਲਾਂਗਾ? ਉਹ ਮੇਰੇ ਤੋਂ ਉਸ ਬਾਰੇ ਸਵਾਲ ਪੁੱਛ ਰਹੇ ਹਨ, ਜਿਸ ਦਾ ਮੇਰੇ ਕੋਲ ਜਵਾਬ ਨਹੀਂ ਹੈ।”
ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮ੍ਰਿਤਕਾ ਦੇ ਇਕ ਸਹਿ-ਕਰਮਚਾਰੀ ਨੇ ਦਿੱਤੀ। ਉਸ ਨੇ ਕਿਹਾ,”ਉਸ ਦੇ ਪਤੀ ਨੇ ਅਲ-ਕੋਜ ਦੀ ਇਕ ਕਾਰ ਪਾਰਕਿੰਗ ‘ਚ ਵਿਦਿਆ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਹ ਹੁਣ ਪੁਲਸ ਹਿਰਾਸਤ ‘ਚ ਹੈ। ਸਾਨੂੰ ਨਹੀਂ ਪਤਾ ਅਸਲ ‘ਚ ਕੀ ਹੋਇਆ।” ਵਿਨਯਚੰਦਰਨ ਨੇ ਦੋਸ਼ ਲਗਾਇਆ ਕਿ ਉਸ ਦੀ ਵਿਵਾਹਿਕ ਜ਼ਿੰਦਗੀ ਠੀਕ ਨਹੀਂ ਚੱਲ ਰਹੀ ਸੀ। ਦੋਹਾਂ ਦਾ 16 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਉਸ ਦੀ ਭੈਣ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ। ਪਿਛਲੇ ਸਾਲ ਉਸ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਵੀ ਦਰਜ ਕਰਾਈ ਸੀ।
ਉਸ ਨੇ ਕਿਹਾ,”ਉਹ ਵਿਅਕਤੀ ਮੇਰੀ ਭੈਣ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ। ਉਨ੍ਹਾਂ ਨੇ ਕਾਊਂਸਲਿੰਗ ਵੀ ਲਈ ਸੀ ਤੇ ਉਸ ਦੇ ਬਾਅਦ ਕੁੱਝ ਚੀਜ਼ਾਂ ਥੋੜੀਆਂ ਠੀਕ ਹੋਈਆਂ ਸਨ। ਉਹ ਤਕਰੀਬਨ ਡੇਢ ਸਾਲ ਪਹਿਲਾਂ ਹੀ ਦੁਬਈ ਗਏ ਸਨ। ਉਸ ਨੇ ਕਾਫੀ ਕਰਜ਼ਾ ਲਿਆ ਹੋਇਆ ਸੀ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ। ਇਸ ਲਈ ਵਿਦਿਆ ਨੇ ਤਿਰੂਵੰਤਪੁਰਮ ‘ਚ ਨੌਕਰੀ ਛੱਡ ਕੇ ਪਤੀ ਕੋਲ ਦੁਬਈ ਜਾਣ ਦਾ ਫੈਸਲਾ ਕੀਤਾ ਸੀ। ਵਿਦਿਆ ਅਲ-ਕੋਜ ਦੀ ਇਕ ਨਿੱਜੀ ਕੰਪਨੀ ਦੇ ਵਿੱਤ ਵਿਭਾਗ ‘ਚ ਕੰਮ ਕਰ ਰਹੀ ਸੀ। ਸਾਨੂੰ ਪਤਾ ਸੀ ਕਿ ਉਹ ਮੁਸ਼ਕਲ ਸਮੇਂ ‘ਚੋਂ ਲੰਘ ਰਹੀ ਸੀ। ਪਤੀ ਵਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ ਅਸੀਂ ਬੱਚਿਆਂ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਉਸ ਦਾ ਕਤਲ ਕਰ ਦੇਵੇਗਾ।