ਲੰਡਨ – ਇੰਗਲੈਂਡ ਖ਼ਿਲਾਫ਼ ਐਸ਼ੇਜ ਸੀਰੀਜ਼ ਦੇ ਪੰਜਵੇਂ ਅਤੇ ਆਖ਼ਰੀ ਮੈਚ ‘ਚ ਜਿੱਤ ਦਰਜ ਕਰਨ ਦੇ ਨਾਲ ਹੀ ਆਸਟਰੇਲਿਆਈ ਕਪਤਾਨ ਟਿਮ ਪੇਨ ਉਹ ਉਪਲਬਧੀ ਹਾਸਿਲ ਕਰ ਲੈਣਗੇ ਜੋ ਗਰੈੱਗ ਚੈਪਲ, ਰਿਕੀ ਪੌਂਟਿੰਗ ਅਤੇ ਮਾਈਕਲ ਕਲਾਰਕ ਜਿਹੇ ਸਾਬਕਾ ਦਿੱਗਜ ਵੀ ਹਾਸਿਲ ਨਹੀਂ ਕਰ ਸਕੇ। ਆਸਟਰੇਲੀਆ ਜੇਕਰ ਵੀਰਵਾਰ ਨੂੰ ਕੇਨਿੰਗਟਨ ਓਵਲ ‘ਚ ਹੋਣ ਵਾਲੇ ਪੰਜਵੇਂ ਟੈੱਸਟ ‘ਚ ਜਿੱਤ ਹਾਸਿਲ ਕਰ ਲੈਂਦਾ ਹੈ ਤਾਂ ਪੇਨ ਇੰਗਲੈਂਡ ‘ਚ ਐਸ਼ੇਜ਼ ਸੀਰੀਜ਼ ਜਿੱਤਣ ਵਾਲੇ ਦੂਜੇ ਕਪਤਾਨ ਬਣੇ ਜਾਣਗੇ। 18 ਸਾਲ ਪਹਿਲਾਂ ਸਟੀਵ ਜਾਂ ਦੀ ਕਪਤਾਨੀ ‘ਚ ਆਸਟਰੇਲੀਆ ਨੇ ਇੰਗਲੈਂਡ ਨੂੰ ਉਸ ਦੇ ਘਰ ‘ਚ 4-1 ਤੋਂ ਏਸ਼ੇਜ਼ ਸੀਰੀਜ਼ ਹਰਾਈ ਸੀ ਜਿਸ ਤੋਂ ਬਾਅਦ ਤੋਂ ਕੋਈ ਕੰਗਾਰੂ ਕਪਤਾਨ ਇਸ ਕੀਰਤੀਮਾਨ ਨੂੰ ਹਾਸਿਲ ਨਹੀਂ ਕਰ ਪਾਇਆ ਹੈ।
ਆਸਟਰੇਲੀਆਈ ਕ੍ਰਿਕਟ ਇਤਿਹਾਸ ‘ਚ ਆਪਣਾ ਨਾਂ ਦਰਜ ਕਰਾਉਣ ਦੇ ਬੇਹੱਦ ਕਰੀਬ ਖੜ੍ਹੇ ਪੇਨ ਨੇ ਸ਼ਾਇਦ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਹ ਕਦੇ ਇਸ ਵੱਡੇ ਰਿਕਾਰਡ ਦੇ ਕਰੀਬ ਪਹੁੰਚ ਸਕਣਗੇ। ਜਿਨ੍ਹਾਂ ਹਾਲਤਾਂ ‘ਚ ਉਨ੍ਹਾਂ ਨੇ ਆਸਟਰੇਲੀਆ ਟੀਮ ਦੀ ਕਮਾਨ ਸਾਂਭਾਲੀ ਉਹ ਸਧਾਰਣ ਨਹੀਂ ਕਹੇ ਜਾ ਸਕਦੇ। ਦੱਖਣੀ ਅਫ਼ਰੀਕਾ ਦੌਰੇ ‘ਤੇ ਖੇਡੇ ਗਏ ਕੇਪਟਾਊਨ ਟੈੱਸਟ ‘ਚ ਹੋਏ ਬਾਲ ਟੈਂਪਰਿੰਗ ਵਿਵਾਦ ਤੋਂ ਬਾਅਦ ਸਟੀਵ ਸਮਿਥ ਨੂੰ ਕਪਤਾਨ ਅਤੇ ਡੇਵਿਡ ਵਾਰਨਰ ਨੂੰ ਉੱਪ-ਕਪਤਾਨੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਨੇ ਪੇਨ ਨੂੰ ਟੀਮ ਦੀ ਕਪਤਾਨੀ ਸੌਂਪ ਦਿੱਤੀ।
ਸਾਲ 2010 ‘ਚ ਪਾਕਿਸਤਾਨ ਖ਼ਿਲਾਫ਼ ਲੌਰਡਜ਼ ਟੈੱਸਟ ਤੋਂ ਡੈਬਿਊ ਕਰਨ ਵਾਲੇ ਪੇਨ ਸਾਲ 2017 ‘ਚ ਸੰਨਿਆਸ ਲੈ ਕੇ ਕ੍ਰਿਕਟ ਦਾ ਸਮਾਨ ਬਣਾਉਣ ਵਾਲੀ ਕੰਪਨੀ ‘ਚ ਨੌਕਰੀ ਕਰਨ ਬਾਰੇ ਸੋਚ ਰਿਹਾ ਸੀ, ਪਰ ਸਮਿਥ ਅਤੇ ਵਾਰਨਰ ‘ਤੇ ਲੱਗੇ ਇੱਕ ਸਾਲ ਦੇ ਬੈਨ ਨੇ ਉਨ੍ਹਾਂ ਦੀ ਕਿਸਮਤ ਪਲਟ ਦਿੱਤੀ
ਮੈਨਚੇਸਟਰ ‘ਚ ਇੰਗਲੈਂਡ ਖਿਲਾਫ਼ ਏਸ਼ੇਜ਼ ਦੇ ਚੌਥੇ ਟੈੱਸਟ ‘ਚ 185 ਦੌੜਾਂ ਨਾਲ ਜਿੱਤ ਦਰਜ ਕਰ ਕੇ ਐਸ਼ੇਜ਼ ਰੀਟੇਨ ਕਰਨ ਤੋਂ ਬਾਅਦ ਜਦ ਪੇਨ ਤੋਂ ਪੁੱਛਿਆ ਗਿਆ ਇਹ ਜਿੱਤ ਨਿਜੀ ਤੌਰ ‘ਤੇ ਉਸ ਲਈ ਕੀ ਮਾਇਨੇ ਰੱਖਦੀ ਹੈ ਤਾਂ ਕਪਤਾਨ ਨੇ ਕਿਹਾ, ”ਮੇਰਾ ਸੁਪਨਾ ਇੱਥੇ ਆ ਕੇ ਐਸ਼ੇਜ ਜਿੱਤਣ ਦਾ ਸੀ। ਮੈਂ ਨਿਸ਼ਚਿਤ ਰੂਪ ਨਾਲ ਏਸ਼ੇਜ ਜਿੱਤਣ ਵਾਲਾ ਕਪਤਾਨ ਨਹੀਂ ਬਣਨਾ ਚਾਹੁੰਦਾ ਸੀ। ਮੈਂ ਸਿਰਫ਼ ਇਸ ਦਾ ਹਿੱਸਾ ਬਣ ਕੇ ਹੀ ਖ਼ੁਸ਼ ਹਾਂ, ਮੈਂ ਸ਼ਾਇਦ ਕੂਕਾਬੁਰਾ ‘ਚ ਕੰਮ ਕਰ ਰਿਹਾ ਹੁੰਦਾ ਤਾਂ ਇਹ ਓਨਾ ਬੁਰਾ ਨਹੀਂ।”