ਕਿੰਗਸਟਨ – ਵਰਲਡ ਕੱਪ 2019 ਅਤੇ ਉਸ ਤੋਂ ਬਾਅਦ ਭਾਰਤ ਨਾਲ ਖੇਡੀ ਗਈ T-20, ਵਨ-ਡੇ ਅਤੇ ਟੈੱਸਟ ਸੀਰੀਜ਼ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਵੈੱਸਟ ਇੰਡੀਜ਼ ਕ੍ਰਿਕਟ ਬੋਰਡ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਕ੍ਰਿਕਟ ਵੈੱਸਟ ਇੰਡੀਜ਼ ਨੇ ਜੇਸਨ ਹੋਲਡਰ (ਵਨ-ਡੇ) ਅਤੇ ਕਾਰਲੋਸ ਬ੍ਰੈਥਵੇਟ (T-20) ਨੂੰ ਕਪਤਾਨੀ ਤੋਂ ਹੱਟਾ ਦਿੱਤਾ ਹੈ, ਅਤੇ ਇਨ੍ਹਾਂ ਦੋਹਾਂ ਦੀ ਜਗ੍ਹਾ ਕੈਰਨ ਪੋਲਾਰਡ ਨੂੰ ਦੋਹਾਂ ਫ਼ੌਰਮੈਟਾਂ ਦਾ ਕਪਤਾਨ ਬਣਾ ਦਿੱਤਾ ਹੈ। ਇਸ 32 ਸਾਲ ਦੇ ਖਿਡਾਰੀ ਨੇ ਆਖਰੀ ਵਨਡੇ ਸਾਲ 2016 ‘ਚ ਖੇਡਿਆ ਸੀ।
ਜਾਣਕਾਰੀ ਮੁਤਾਬਿਕ CWI ਬੋਰਡ ਔਫ਼ ਡਾਇਰੈਕਟਰਜ਼ ਨੇ ਇਹ ਫ਼ੈਸਲਾ ਲੈਂਦੇ ਹੋਏ ਪੋਲਾਰਡ ਦੇ ਨਾਂ ਦਾ ਪ੍ਰਸਤਾਵ ਚੋਣ ਕਮੇਟੀ ਨੇ ਰੱਖਿਆ ਸੀ। ਛੇ ਨਿਦੇਸ਼ਕਾਂ ਰਾਹੀਂ ਪੋਲਾਰਡ ਦੇ ਹੱਕ ‘ਚ ਵੋਟ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਨ-ਡੇ ਅਤੇ T-20 ਦਾ ਨਵਾਂ ਕਪਤਾਨ ਬਣਾ ਦਿੱਤਾ ਗਿਆ। ਪੋਲਾਰਡ ਫ਼ਿਲਹਾਲ ਕੈਰੇਬੀਅਨ ਪ੍ਰੀਮੀਅਰ ਲੀਗ ‘ਚ ਤਰਿਨਬਾਗੋ ਨਾਈਟ ਰਾਇਡਰਜ਼ ਦੀ ਕਪਤਾਨੀ ਕਰ ਰਿਹਾ ਹੈ।
ਪੋਲਾਰਡ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 101 ਵਨ-ਡੇ ‘ਚ ਹੁਣ ਤਕ ਤਿੰਨ ਸੈਂਕੜੇ ਅਤੇ ਨੌਂ ਅਰਧ ਸੈਂਕੜਿਆਂ ਨਾਲ 25.71 ਦੀ ਔਸਤ ਨਾਲ 2,289 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ ਗੇਂਦਬਾਜ਼ੀ ਦੇ ਦੌਰਾਨ 50 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ T-20 ਇੰਟਰਨੈਸ਼ਨਲ ਦੀ ਗੱਲ ਕੀਤੀ ਜਾਵੇ ਤਾਂ ਪੋਲਾਰਡ ਨੇ 62 ਮੈਚ ਖੇਡੇ ਹਨ ਜਿਨ੍ਹਾਂ ‘ਚ 21.50 ਦੀ ਔਸਤ ਨਾਲ 903 ਦੌੜਾਂ ਬਣਾਈਆਂ ਹਨ ਅਤੇ 23 ਵਿਕਟਾਂ ਹਾਸਿਲ ਕੀਤੀਆਂ ਹਨ।