ਨਵੀਂ ਦਿੱਲੀ – ਹਾਲ ਹੀ ‘ਚ ਰਵੀ ਸ਼ਾਸਤਰੀ ਦੋਬਾਰਾ ਟੀਮ ਇੰਡੀਆ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਆਪਣੇ ਲਗਾਤਾਰ ਦੂਜੇ ਕਾਰਜਕਾਲ ਵਿੱਚ ਸ਼ਾਸਤਰੀ ਕੋਈ ਸਖ਼ਤੀ ਕਰਨ ਦੇ ਮੂਡ ਵਿੱਚ ਹੈ। ਆਪਣੀ ਨਵੀਂ ਪਾਰੀ ਦੇ ਨਾਲ ਸ਼ਾਸਤਰੀ ਟੀਮ ਦੇ ਫ਼ਿੱਟਨੈਸ ਲੈਵਲ ਨੂੰ ਹੋਰ ਵੀ ਬਿਹਤਰ ਕਰਨਾ ਚਾਹੁੰਦੈ। ਤਦ ਹੀ ਉਹ ਯੋ-ਯੋ ਟੈੱਸਟ ਦਾ ਸਕੋਰ 17 ਤਕ ਵਧਾਉਣ ਦੇ ਮੂਡ ਵਿੱਚ ਹੈ। ਸੂਤਰਾਂ ਮੁਤਾਬਿਕ, ਕੋਚ ਰਵੀ ਸ਼ਾਸਤਰੀ ਜਲਦੀ ਹੀ ਸਾਰੇ ਦਾਅਵੇਦਾਰਾਂ ਦੇ ਨਾਲ ਇੱਕ ਬੈਠਕ ਕਰਨ ਵਾਲਾ ਹੈ ਜਿਸ ਵਿੱਚ ਯੋ-ਯੋ ਟੈੱਸਟ ਬਾਰ ਨੂੰ ਵਧਾ ਕੇ 17 ਤਕ ਕੀਤੇ ਜਾਣ ਦੀ ਚਰਚਾ ਹੋਵੇਗੀ। ਫ਼ਿਲਹਾਲ ਭਾਰਤੀ ਖਿਡਾਰੀਆਂ ਲਈ ਯੋ-ਯੋ ਟੈੱਸਟ ਵਿੱਚ ਖਿਡਾਰੀਆਂ ਨੂੰ 16.1 ਮਾਰਕ ਨੂੰ ਛੂਹਣਾ ਹੁੰਦਾ ਹੈ, ਅਤੇ ਉਸ ਤੋਂ ਬਾਅਦ ਹੀ ਉਹ ਭਾਰਤ ਦੀ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ 2017 ਵਿੱਚ ਯੋ-ਯੋ ਟੈੱਸਟ ਨੂੰ ਖਿਡਾਰੀਆਂ ਲਈ ਜ਼ਰੂਰੀ ਬਣਾਇਆ ਗਿਆ ਸੀ। ਅੰਬਾਤੀ ਰਾਇਡੂ, ਸੰਜੂ ਸੈਮਸਨ (ਇੰਡੀਆ-A) ਅਤੇ ਮੁਹੰਮਦ ਸ਼ਾਮੀ ਨੂੰ ਇਸ ਟੈੱਸਟ ਵਿੱਚ ਪਾਸ ਨਾ ਹੋਣ ਕਾਰਨ ਇੱਕ ਵਾਰ ਬਾਹਰ ਕੀਤਾ ਗਿਆ ਸੀ। ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਵੀ ਇਸ ਦੀ ਵਜ੍ਹਾ ਤੋਂ ਹੀ ਟੀਮ ਵਿੱਚ ਵਾਪਸੀ ਨਹੀਂ ਕਰ ਸਕੇ ਸਨ। ਪਹਿਲੀ ਵਾਰ ਯੋ-ਯੋ ਟੈੱਸਟ ਵਿੱਚ ਫ਼ੇਲ੍ਹ ਹੋਣ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਸ਼ਾਮੀ ਨੇ ਟੈੱਸਟ ਪਾਸ ਕਰ ਲਿਆ ਸੀ। ਬਾਅਦ ਵਿੱਚ ਰੈਨਾ ਵੀ 2018 ਵਿੱਚ ਕੌਮਾਂਤਰੀ ਕ੍ਰਿਕਟ ਖੇਡਿਆ। ਹਾਲਾਂਕਿ ਯੁਵਰਾਜ ਨੇ ਵੀ ਯੋ-ਯੋ ਟੈੱਸਟ ਪਾਸ ਕਰ ਲਿਆ ਸੀ, ਪਰ ਉਹ ਟੀਮ ਵਿੱਚ ਵਾਪਸੀ ਨਹੀਂ ਕਰ ਸਕਿਆ। ਮਨੀਸ਼ ਪਾਂਡੇ ਨੇ ਯੋ-ਯੋ ਟੈੱਸਟ ਵਿੱਚ 19.2 ਨੰਬਰ ਹਾਸਿਲ ਕੀਤੇ ਸਨ।