ਨਵੀਂ ਦਿੱਲੀ – ਵੈੱਸਟ ਇੰਡੀਜ਼ ਦੌਰੇ ‘ਤੇ ਟੀਮ ‘ਚ ਹੋਣ ਦੇ ਬਾਵਜੂਦ ਰੋਹਿਤ ਸ਼ਰਮਾ ਨੂੰ ਪਲੇਇੰਗ 11 ‘ਚ ਜਗ੍ਹਾ ਨਾ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕ੍ਰਿਕਟ ਫ਼ੈਨਜ਼ ਨੇ ਟੀਮ ਕਪਤਾਨ ਅਤੇ BCCI ‘ਤੇ ਕਾਫ਼ੀ ਗੁੱਸਾ ਕੱਢਿਆ ਸੀ। ਹੁਣ BCCI ਨੇ ਸੋਚ ਵਿਚਾਰ ਕਰਦੇ ਹੋਏ ਰੋਹਿਤ ਨੂੰ ਅਗਲੀ ਦੱਖਣੀ ਅਫ਼ਰੀਕਾ ਟੈੱਸਟ ਸੀਰੀਜ਼ ‘ਚ ਮੌਕਾ ਦੇਣ ਦੀ ਗੱਲ ਕਹੀ ਹੈ। BCCI ਦੇ ਚੀਫ਼ ਸਿਲੈਕਟਰ ਐੱਮ. ਐੱਸ. ਕੇ ਪ੍ਰਸਾਦ ਨੇ ਕਿਹਾ ਕਿ ਵੈੱਸਟ ਇੰਡੀਜ਼ ਖ਼ਿਲਾਫ਼ ਟੈੱਸਟ ਸੀਰੀਜ਼ ‘ਚ ਭਾਰਤੀ ਟੀਮ ਦੀ ਓਪਨਿੰਗ ਜੋੜੀ ਕੁੱਝ ਖ਼ਾਸ ਕਮਾਲ ਨਹੀਂ ਕਰ ਪਾਈ। ਅਸੀਂ ਅਜੇ ਟੈੱਸਟ ਦੇ ਦੌਰ ‘ਚੋਂ ਗੁਜਰ ਰਹੇ ਹਾਂ। ਅਜਿਹੇ ‘ਚ ਹੁਣ ਰੋਹਿਤ ਸ਼ਰਮਾ ਤੋਂ ਵੀ ਓਪਨਿੰਗ ਕਰਵਾਈ ਜਾ ਸਕਦੀ ਹੈ।
ਪ੍ਰਸਾਦ ਦਾ ਕਹਿਣਾ ਹੈ ਕਿ ਜਦੋਂ ਤੋਂ ਵੈੱਸਟ ਵਿੰਡੀਜ਼ ਦਾ ਦੌਰਾ ਖਖਤਮ ਹੋਇਆ ਹੈ, ਟੀਮ ਦੀ ਓਪਨਿੰਗ ਨੂੰ ਲੈ ਕੇ ਕਈ ਗੱਲਾਂ ਬਾਹਰ ਆਈਆਂ ਹਨ। ਯਕਿਨੀ ਤੌਰ ‘ਤੇ ਬੋਰਡ ਦੀ ਅਗਲੀ ਮੀਟਿੰਗ ‘ਚ ਅਸੀਂ ਇਸ ‘ਤੇ ਵਿਚਾਰ ਕਰਾਂਗੇ। ਜੇਕਰ ਗੱਲ ਬਦਲਾਅ ਦੀ ਹੈ ਤਾਂ ਅਸੀਂ ਇਸ ‘ਤੇ ਵੀ ਵਿਚਾਰ ਕਰਾਂਗੇ। ਪ੍ਰਸਾਦ ਨੇ ਇਸ ਦੇ ਨਾਲ ਹੀ ਕੇ. ਐੱਲ. ਰਾਹੁਲ ਦੇ ਖ਼ਰਾਬ ਪ੍ਰਦਰਸ਼ਨ ‘ਤੇ ਚੁੱਪੀ ਤੋੜਦੇ ਹੋਏ ਕਿਹਾ ਕਿ ਰਾਹੁਲ ਅਜਿਹੇ ਖਿਡਾਰੀ ਹਨ ਜਿਨ੍ਹਾਂ ਅੰਦਰ ਕਾਫ਼ੀ ਹੁਨਰ ਭਰਿਆ ਪਿਆ ਹੈ। ਫ਼ਿਲਹਾਲ ਉਨ੍ਹਾਂ ਨੂੰ ਕ੍ਰੀਜ਼ ‘ਤੇ ਹੋਰ ਜ਼ਿਆਦਾ ਸਮਾਂ ਗੁਜ਼ਾਰਨ ਦੀ ਜ਼ਰੂਰਤ ਹੈ। ਟੈੱਸਟ ਫ਼ੌਰਮੈਟ ‘ਚ ਉਨ੍ਹਾਂ ਦੀ ਫ਼ਾਰਮ ਤੋਂ ਅਸੀਂ ਵੀ ਪਰੇਸ਼ਾਨ ਹਾਂ।
ਦੱਸ ਦੇਈਏ ਕਿ ਕਰੀਬ ਡੇਢ ਸਾਲ ਤੋਂ ਟੈੱਸਟ ਕ੍ਰਿਕਟ ‘ਚ ਕੇ. ਐੱਲ. ਰਾਹੁਲ ਖ਼ਰਾਬ ਪ੍ਰਦਰਸ਼ਨ ਕਰਦਾ ਨਜ਼ਰ ਆਇਆ ਹੈ। IPL ਅਤੇ ਕ੍ਰਿਕਟ ਵਰਲਡ ਕੱਪ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ, ਪਰ ਇੰਗਲੈਂਡ ਅਤੇ ਆਸਟੇਰਲੀਆ ‘ਚ ਖੇਡੀ ਗਈ ਟੈੱਸਟ ਸੀਰੀਜ਼ ‘ਚ ਉਹ ਕੁੱਝ ਖ਼ਾਸ ਪ੍ਰਭਾਵਿਤ ਨਹੀਂ ਕਰ ਸਕਿਆ। 2018 ਤੋਂ ਬਾਅਦ ਤੋਂ ਹੁਣ ਤਕ ਰਾਹੁਲ 12 ਟੈੱਸਟਾਂ ‘ਚ ਕਰੀਬ 22 ਦੀ ਔਸਤ ਨਾਲ ਦੌੜਾਂ ਬਣਾਈਆਂ ਜੋ ਕਿ ਕਿਸੇ ਵੀ ਸਲਾਮੀ ਬੱਲੇਬਾਜ਼ ਦੇ ਸਟੈਂਡਰਡ ਤੋਂ ਬੇਹੱਦ ਘੱਟ ਹਨ। ਉਥੇ ਕੇ. ਐੱਲ. ਰਾਹੁਲ ਦੀ ਜਗ੍ਹਾ ਓਪਨਿੰਗ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਰੋਹਿਤ ਸ਼ਰਮਾ ਪਿਛਲੀਆਂ 18 ਟੈੱਸਟ ਪਾਰੀਆਂ ‘ਚ 53 ਦੀ ਔਸਤ ਨਾਲ 689 ਦੌੜਾਂ ਬਣਾ ਚੁੱਕਿਆ ਹੈ ਜੋ ਕਿ ਕੇ. ਐੱਲ. ਰਾਹੁਲ ਤੋਂ ਕਾਫ਼ੀ ਚੰਗਾ ਰਿਕਾਰਡ ਹੈ।