ਸਾਹਿਤ ਅਤੇ ਸਿਨਮਾ ਦਾ ਸਬੰਧ ਪੁਰਾਣਾ ਹੈ, ਪਰ ਲੰਘੇ ਕੁੱਝ ਦਹਾਕਿਆਂ ਵਿੱਚ ਫ਼ਿਲਮਾਂ ਸਾਹਿਤ ਤੋਂ ਦੂਰ ਹੁੰਦੀਆਂ ਗਈਆਂ। ਵਿਚਕਾਰ ਜੇਕਰ ਕੋਈ ਇੱਕ ਅੱਧਾ ਨਿਰਮਾਤਾ ਸਾਹਿਤ ਨੂੰ ਆਧਾਰ ਬਣਾ ਕੇ ਫ਼ਿਲਮ ਬਣਾਉਂਦਾ ਵੀ ਹੈ ਤਾਂ ਉਸ ਨੂੰ ਟਿਕਟ ਖਿੜਕੀ ‘ਤੇ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ। ਸਿਨਮਾ ਦੇ ਸ਼ੁਰੂਆਤੀ ਦੌਰ ਵਿੱਚ ਸਾਹਿਤਕ ਕ੍ਰਿਤਾਂ ‘ਤੇ ਬਹੁਤ ਫ਼ਿਲਮਾਂ ਬਣੀਆਂ, ਪਰ ਜ਼ਿਆਦਾਤਰ ਦਾ ਹਸ਼ਰ ਦੇਖ ਕੇ ਫ਼ਿਲਮਸਾਜ਼ ਹੁਣ ਇਸ ‘ਤੇ ਫ਼ਿਲਮ ਬਣਾਉਣ ਤੋਂ ਗ਼ੁਰੇਜ਼ ਕਰਦੇ ਹਨ।
ਅਸੀਮ ਚਕਰਵਰਤੀ
ਚਾਰਲਸ ਡਿਕਨਜ਼ ਦੇ ਨਾਵਲ ਦਾ ਗ੍ਰੇਟ ਐਕਸਪੈਕਟੇਸ਼ਨ ‘ਤੇ ਬਣੀ ਫ਼ਿਲਮ ਫ਼ਿਤੂਰ ਨਾਲ ਬੁਰੀ ਤਰ੍ਹਾਂ ਹੱਥ ਜਲਾ ਬੈਠੇ ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਨਜ਼ਰ ਹੁਣ ਫ਼ਿਰ ਸਾਹਿਤਕ ਰਚਨਾਵਾਂ ‘ਤੇ ਹੈ। ਉਂਝ ਉਸ ਤੋਂ ਬਾਅਦ ਹੀ ਉਸ ਦੀ ਫ਼ਿਲਮ ਕੇਦਾਰਨਾਥ ਵੀ ਵੱਡੀ ਫ਼ਲੌਪ ਰਹੀ। ਇਹ ਦੱਸਣਾ ਜ਼ਰੂਰੀ ਹੈ ਕਿ ਉਸ ਦੀ ਪਹਿਲੀ ਫ਼ਿਲਮ ਫ਼ਿਤੂਰ ਦੀ ਹੀਰੋਇਨ ਕੈਟਰੀਨਾ ਕੈਫ਼ ਨੂੰ ਚਾਰਲਸ ਡਿਕਨਜ਼ ਦਾ ਨਾਵਲ ਦਾ ਗ੍ਰੇਟ ਐਕਸਪੈਕਟੇਸ਼ਨ ਬਹੁਤ ਪਸੰਦ ਸੀ। ਉਸ ਨੇ ਕਈ ਵਾਰ ਇਸ ਸਿਲਸਿਲੇ ਵਿੱਚ ਕਿਹਾ ਸੀ ਕਿ ਉਹ ਇਸ ਨਾਵਲ ‘ਤੇ ਬਣਨ ਵਾਲੀ ਫ਼ਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ। ਪਹਿਲਾਂ ਚੇਤਨ ਭਗਤ ਦੇ ਹਰਮਨਪਿਆਰੇ ਨਾਵਲ ਦਾ ਥ੍ਰੀ ਮਿਸਟੇਕਸ ਔਫ਼ ਮਾਈ ਲਾਈਫ਼ ‘ਤੇ ਫ਼ਿਲਮ ਕਾਈ ਪੋ ਛੇ ਬਣਾ ਚੁੱਕੇ ਅਭਿਸ਼ੇਕ ਕਪੂਰ ਇਸ ਫ਼ਿਲਮ ਦੀ ਬਿਤਹਰ ਪਟਕਥਾ ਲਈ ਹਮੇਸ਼ਾਂ ਸਲਾਹੇ ਗਏ, ਪਰ ਫ਼ਿਤੂਰ ਦਾ ਜੋ ਹਸ਼ਰ ਹੋਇਆ ਉਸ ਨੂੰ ਮੁੜ ਤੋਂ ਦੱਸਣ ਦੀ ਲੋੜ ਨਹੀਂ।
ਐਸ਼ਵਰਿਆ ਰਾਏ ਅਤੇ ਇਰਫ਼ਾਨ ਦੀ ਫ਼ਿਲਮ ਜਜ਼ਬਾ ਵੀ ਇੱਕ ਅੰਗਰੇਜ਼ੀ ਨਾਵਲ ‘ਤੇ ਆਧਾਰਿਤ ਸੀ। ਉਂਝ ਜਜ਼ਬਾ ਦੇ ਨਿਰਦੇਸ਼ਕ ਸੰਜੇ ਗੁਪਤਾ ਦੀ ਪਿਛਲੀ ਫ਼ਿਲਮ ਸ਼ੂਟਆਊਟ ਐਟ ਵਡਾਲਾ ਐੱਸ. ਹੁਸੈਨ ਜ਼ੈਦੀ ਦੀ ਕਿਤਾਬ ਡੋਂਗਰੀ ਟੂ ਦੁਬਈ ‘ਤੇ ਬਣੀ ਸੀ, ਪਰ ਇਸ ਸਭ ਵਿਚਕਾਰ ਜ਼ਿਆਦਾ ਚੇਤਨ ਭਗਤ ਦੀ ਮੰਗ ਹੈ। ਉਸ ਦੇ ਲਗਭਗ ਹਰ ਨਾਵਲ ‘ਤੇ ਫ਼ਿਲਮਾਂ ਬਣ ਚੁੱਕੀਆਂ ਹਨ। ਉਸ ਦੇ ਨਾਵਲ ਹਾਫ਼ ਗਰਲ ਫ਼ਰੈਂਡ ‘ਤੇ ਮੋਹਿਤ ਸੂਰੀ, ਏਕਤਾ ਕਪੂਰ ਨੇ ਫ਼ਿਲਮ ਬਣਾਈ, ਪਰ ਉਹ ਫ਼ਲੌਪ ਹੋ ਗਈ। ਦੂਜੇ ਪਾਸੇ, ਉਸ ਦੀ ਪਿਛਲੀ ਫ਼ਿਲਮ ਟੂ ਸਟੇਟਸ ਨੇ ਸੌ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਦੂਜੇ ਪਾਸੇ, ਨਵੇਂ ਦੌਰ ਦੇ ਨਿਰਦੇਸ਼ਕ ਦਿਬਾਕਰ ਬੈਨਰਜੀ ਦੀ ਫ਼ਿਲਮ ਬਿਓਮਕੇਸ਼ ਬਖ਼ਸ਼ੀ ਸਤਿਆਜੀਤ ਰੇਅ ਦੀਆਂ ਕੁੱਝ ਛੋਟੀਆਂ ਕਹਾਣੀਆਂ ‘ਤੇ ਆਧਾਰਿਤ ਸੀ। ਚੰਦਰਪ੍ਰਕਾਸ਼ ਦ੍ਰਿਵੇਦੀ ਦੀ ਅੱਸੀ ਮੁਹੱਲਾ ਸਾਹਿਤਕਾਰ ਡਾਕਟਰ ਕੇਦਾਰ ਨਾਥ ਸਿੰਘ ਦੇ ਨਾਵਲ ਕਾਸ਼ੀ ਕਾ ਅੱਸੀ ‘ਤੇ ਆਧਾਰਿਤ ਸੀ। ਆਮਿਰ ਦੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਵੀ ਫ਼ਿਲਿਪ ਮਿਡੋਜ਼ ਟੇਲਰ ਦੀ ਲਿਖੀ ਕਿਤਾਬ ਕਨਫ਼ੈਸ਼ਨਜ਼ ਔਫ਼ ਆ ਥੱਗ ‘ਤੇ ਆਧਾਰਿਤ ਸੀ।
ਕੁੱਲ ਮਿਲਾ ਕੇ ਹਰਮਨਪਿਆਰੀਆਂ ਅਤੇ ਸਾਹਿਤਕ ਕਿਤਾਬਾਂ ‘ਤੇ ਅਚਾਨਕ ਨਿਰਮਾਤਾਵਾਂ ਦਾ ਧਿਆਨ ਗਿਆ ਹੈ। ਉਂਝ ਸ਼ਾਨਦਾਰ ਕਿਤਾਬਾਂ ‘ਤੇ ਬਣਨ ਵਾਲੀ ਹਰ ਫ਼ਿਲਮ ਵੀ ਹਿੱਟ ਹੋਵੇਗੀ ਇਸ ਦੀ ਕੋਈ ਗਰੰਟੀ ਨਹੀਂ। ਫ਼ਿਲਹਾਲ ਦੀਆਂ ਕੁੱਝ ਫ਼ਿਲਮਾਂ ਦੀ ਗੱਲ ਕਰੀਏ ਤਾਂ ਕੁੱਝ ਸਾਲ ਪਹਿਲਾਂ ਆਈ ਰਸਕਿਨ ਬੌਂਡ ਦੇ ਅੰਗਰੇਜ਼ੀ ਨਾਵਲ ‘ਤੇ ਆਧਾਰਿਤ ਵਿਸ਼ਾਲ ਭਾਰਦਵਾਜ ਦੀ ਫ਼ਿਲਮ ਸਾਤ ਖੂਨ ਮਾਫ਼ ਦਾ ਬਹੁਤ ਬੁਰਾ ਹਸ਼ਰ ਹੋਇਆ ਸੀ। ਵਿਸ਼ਾਲ ਚਰਚਿਤ ਕ੍ਰਿਤਾਂ ‘ਤੇ ਫ਼ਿਲਮਾਂ ਬਣਾਉਣ ਲਈ ਬਹੁਤ ਮਸ਼ਹੂਰ ਹੈ। ਉਸ ਦੀ ਓਮਕਾਰਾ-ਓਥੈਲੋ, ਮਕਬੂਲ-ਮੇਕਬੈੱਥ ਅਤੇ ਹੈਦਰ-ਹੈਮਲੈਟ ‘ਤੇ ਆਧਾਰਿਤ ਸੀ। ਮਾਨਿਨੀ ਚੈਟਰਜੀ ਦੇ ਚਰਚਿਤ ਅੰਗਰੇਜ਼ੀ ਨਾਵਲ ਡੂ ਔਰ ਡਾਈ ‘ਤੇ ਆਧਾਰਿਤ ਆਸ਼ੂਤੋਸ਼ ਗੋਵਾਰੀਕਰ ਦੀ ਹਿੰਦੀ ਫ਼ਿਲਮ ਖੇਲੇਂਗੇ ਜੀ ਜਾਨ ਨਹੀਂ ਚੱਲੀ, ਪਰ ਇਹ ਇੱਕ ਚੰਗੀ ਫ਼ਿਲਮ ਸੀ। ਆਲੋਚਕ ਦੀ ਨਜ਼ਰ ਨਾਲ ਦੇਖੀਏ ਤਾਂ ਕਈ ਵਾਰ ਚੰਗੇ ਵਿਸ਼ੇ ‘ਤੇ ਬਣੀ ਕਿਸੇ ਫ਼ਿਲਮ ਨਾਲ ਦਰਸ਼ਕਾਂ ਦਾ ਇਹ ਸਲੂਕ ਬਹੁਤ ਅੱਖਰਦਾ ਹੈ।
ਪ੍ਰਸਿੱਧ ਫ਼ਿਲਮਸਾਜ਼ ਮਹੇਸ਼ ਭੱਟ ਜੋ ਅਕਸਰ ਕਿਸੇ ਕਿਤਾਬ ਜਾਂ ਸਾਹਿਤ ‘ਤੇ ਘੱਟ ਹੀ ਫ਼ਿਲਮਾਂ ਬਣਾਉਂਦੇ ਹਨ, ਇਸ ਦਾ ਪੂਰਾ ਦੋਸ਼ ਚੰਗੀ ਪਟਕਥਾ ‘ਤੇ ਮੜ੍ਹਦੇ ਹਨ। ਉਹ ਕਹਿੰਦੇ ਹਨ, ”ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਪੜ੍ਹਨ ਅਤੇ ਦੇਖਣ ਵਿੱਚ ਇੱਕ ਵੱਡਾ ਫ਼ਰਕ ਹੁੰਦਾ ਹੈ। ਕਈ ਅਜਿਹੀਆਂ ਕਿਤਾਬਾਂ ਹਨ ਜੋ ਮੈਨੂੰ ਪੜ੍ਹਨ ਨੂੰ ਬਹੁਤ ਰੋਚਕ ਲੱਗੀਆਂ, ਪਰ ਉਨ੍ਹਾਂ ‘ਤੇ ਮੈਨੂੰ ਫ਼ਿਲਮ ਬਣਾਉਣ ਦਾ ਖ਼ਿਆਲ ਕਦੇ ਨਹੀਂ ਆਇਆ। ਵਜ੍ਹਾ ਸਾਫ਼ ਹੈ, ਇਨ੍ਹਾਂ ‘ਤੇ ਫ਼ਿਲਮ ਬਣਾਉਂਦੇ ਸਮੇਂ ਮੈਨੂੰ ਪਟਕਥਾ ਵਿੱਚ ਬਹੁਤ ਤਬਦੀਲੀ ਕਰਨੀ ਪਏਗੀ। ਇਹ ਗੱਲ ਮੂਲ ਲੇਖਕ ਨੂੰ ਪਸੰਦ ਨਹੀਂ ਹੋਵੇਗੀ।” ਕਾਫ਼ੀ ਹੱਦ ਤਕ ਇਹ ਗੱਲ ਸਹੀ ਹੈ। ਅਜਿਹੇ ਬਹੁਤ ਵਿਵਾਦ ਹਨ ਜਿਸ ਵਿੱਚ ਕਿਸੇ ਲੇਖਕ ਨੇ ਫ਼ਿਲਮਸਾਜ਼ ‘ਤੇ ਉਸ ਦੀ ਕ੍ਰਿਤ ਨੂੰ ਖ਼ਰਾਬ ਕਰਨ ਦੇ ਦੋਸ਼ ਲਗਾਏ। ਇਸ ਦੀ ਚੰਗੀ ਮਿਸਾਲ ਰਾਜਕੁਮਾਰ ਹਿਰਾਨੀ ਦੀ ਸੁਪਰ ਹਿੱਟ ਫ਼ਿਲਮ ਥ੍ਰੀ ਇਡੀਅਟਸ ਬਣੀ। ਅੰਗਰੇਜ਼ੀ ਲੇਖਕ ਚੇਤਨ ਭਗਤ ਦੇ ਚਰਚਿਤ ਨਾਵਲ ਫ਼ਾਈਵ ਪੁਆਇੰਟਸ ਸਮਵਨ ‘ਤੇ ਇਹ ਫ਼ਿਲਮ ਸੀ। ਫ਼ਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਚੇਤਨ ਭਗਤ ਨੇ ਇਸ ਦੇ ਨਿਰਮਾਤਾਵਾਂ ‘ਤੇ ਖੁੱਲ੍ਹੇਆਮ ਇਹ ਦੋਸ਼ ਲਾਇਆ ਕਿ ਉਨ੍ਹਾਂ ਨੇ ਨਾ ਸਿਰਫ਼ ਇਸ ਵਿੱਚ ਜਬਰਦਸਤ ਤਬਦੀਲੀ ਕੀਤੀ ਹੈ ਬਲਕਿ ਉਸ ਨੂੰ ਕੋਈ ਸਿਹਰਾ ਵੀ ਨਹੀਂ ਦਿੱਤਾ।”
ਮਰਹੂਮ ਸ਼ਕਤੀ ਸਾਮੰਤ ਨੇ ਆਰਾਧਨਾ, ਅਮਰ ਪ੍ਰੇਮ, ਅਮਾਨੁਸ਼, ਆਨੰਦ, ਆਸ਼ਰਮ ਵਰਗੀਆਂ ਕਈ ਉਮਦਾ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ਆਰਾਧਨਾ ਤੋਂ ਬਾਅਦ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਆਪਣੀ ਦਿਸ਼ਾ ਬਦਲ ਲਈ। ਉਹ ਆਪਣੀਆਂ ਫ਼ਿਲਮਾਂ ਲਈ ਬੰਗਾਲ ਦੇ ਸਾਹਿਤ ‘ਤੇ ਕੁੱਝ ਜ਼ਿਆਦਾ ਨਿਰਭਰ ਹੋ ਗਏ ਸਨ। ਉਹ ਸਫ਼ਲ ਵੀ ਖ਼ੂਬ ਹੋਏ ਕਿਉਂਕਿ ਉਹ ਇਨ੍ਹਾਂ ਫ਼ਿਲਮਾਂ ਦੀ ਪਟਕਥਾ ‘ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਦਿੰਦੇ ਸਨ। ਉਹ ਇਸ ਲਈ ਅਕਸਰ ਪ੍ਰਸਿੱਧ ਸਾਹਿਤਕਾਰ ਕਮਲੇਸ਼ਵਰ ਦੀ ਸਹਾਇਤਾ ਲੈਂਦੇ ਸਨ। ਉਨ੍ਹਾਂ ਤੋਂ ਇਲਾਵਾ ਬਿਮਲ ਰਾਏ, ਰਿਸ਼ੀ ਦਾ ਵਰਗੇ ਵੱਡੇ ਫ਼ਿਲਮਸਾਜ਼ ਫ਼ਿਲਮ ਦੀ ਪਟਕਥਾ ਵਿੱਚ ਬਹੁਤ ਯੋਗਦਾਨ ਦੇਣ ਦੇ ਬਾਵਜੂਦ ਆਪਣੀ ਫ਼ਿਲਮ ਦੇ ਪਟਕਥਾ ਲੇਖਣ ਤੋਂ ਹਮੇਸ਼ਾਂ ਦੂਰ ਰਹਿੰਦੇ ਸਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਇਸ ਖੇਤਰ ਵਿੱਚ ਗੁਣੀ ਵਿਅਕਤੀ ‘ਤੇ ਹੀ ਭਰੋਸਾ ਕੀਤਾ।
ਪਦਮਾਵਤ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਨਵੀਂ ਫ਼ਿਲਮ ਇੰਸ਼ਾ ਅੱਲ੍ਹਾ ਵੀ ਇੱਕ ਚਰਚਿਤ ਕਿਤਾਬ ‘ਤੇ ਆਧਾਰਿਤ ਹੈ। ਇਸ ਫ਼ਿਲਮ ਨੂੰ ਵੀ ਉਸ ਨੇ ਆਪਣੀ ਪਿਛਲੀ ਫ਼ਿਲਮ ਦੀ ਤਰ੍ਹਾਂ ਤੋੜਿਆ ਮਰੋੜਿਆ ਹੈ। ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਅਜਿਹਾ ਕਰਦੇ ਸਮੇਂ ਇੱਕ ਫ਼ਿਲਮਸਾਜ਼ ‘ਤੇ ਆਲੋਚਕਾਂ ਦਾ ਬਹੁਤ ਦਬਾਅ ਹੁੰਦਾ ਹੈ। ਉਹ ਕਹਿੰਦੇ ਹਨ, ”ਗੱਲ ਜੇਕਰ ਕਿਸੇ ਸਾਹਿਤਕ ਕ੍ਰਿਤ ਦੀ ਹੋਵੇ ਤਾਂ ਆਲੋਚਕ ਦੀ ਨਜ਼ਰ ਹੋਰ ਤੇਜ਼ ਹੋ ਜਾਂਦੀ ਹੈ। ਦੇਵਦਾਸ ਤੋਂ ਬਾਅਦ ਮੇਰੇ ‘ਤੇ ਦੋਸ਼ ਲੱਗੇ ਕਿ ਮੈਂ ਸ਼ਰਤ ਬਾਬੂ ਦੀ ਕ੍ਰਿਤ ਨਾਲ ਬਹੁਤ ਛੇੜਖਾਨੀ ਕੀਤੀ ਹੈ, ਪਰ ਮੇਰਾ ਮਨ ਸਾਫ਼ ਸੀ। ਬਤੌਰ ਨਿਰਦੇਸ਼ਕ ਮੈਨੂੰ ਇਹ ਛੋਟ ਲੈਣ ਦਾ ਪੂਰਾ ਅਧਿਕਾਰ ਸੀ। ਮੈਂ ਸ਼ਰਤਚੰਦਰ ਦਾ ਇਹ ਨਾਵਲ ਕਈ ਵਾਰ ਪੜ੍ਹਿਆ ਸੀ, ਪਰ ਦੇਵਦਾਸ ਨੂੰ ਮੈਂ ਜਿਸ ਰੂਪ ਵਿੱਚ ਦੇਖਿਆ ਸੀ, ਮਹਿਸੂਸ ਕੀਤਾ ਸੀ, ਉਸ ਨੂੰ ਅੱਜ ਦੇ ਸੰਦਰਭ ਵਿੱਚ ਉਸ ਢੰਗ ਨਾਲ ਬਣਾਉਣਾ ਚਾਹੁੰਦਾ ਸੀ ਤਾਂ ਹੀ ਮੈਂ ਕਹਾਣੀ ਵਿੱਚ ਕੁੱਝ ਤਬਦੀਲੀਆਂ ਕੀਤੀਆਂ।”
ਅਭਿਨੇਤਾ ਨਾਨਾ ਪਾਟੇਕਰ ਵੀ ਇਸ ਦਾ ਸਾਰਾ ਦੋਸ਼ ਫ਼ਿਲਮਸਾਜ਼ਾਂ ‘ਤੇ ਮੜ੍ਹਦੇ ਹਨ। ਉਨ੍ਹਾਂ ਮੁਤਾਬਿਕ ਸਾਡੇ ਇੱਥੇ ਸਾਹਿਤ ਦਾ ਭੰਡਾਰ ਹੈ, ਪਰ ਇਨ੍ਹਾਂ ਦੀ ਨਜ਼ਰ ਸਾਹਿਤਕ ਕ੍ਰਿਤ ‘ਤੇ ਘੱਟ ਹੀ ਪੈਂਦੀ ਹੈ। ਫ਼ਿਲਮਸਾਜ਼ਾਂ ਨੂੰ ਇਨ੍ਹਾਂ ਵੱਲ ਦੇਖਣਾ ਚਾਹੀਦਾ ਹੈ।”
ਅੱਜ ਬੇਸ਼ੱਕ ਹੀ ਕਮਰਸ਼ਲ ਸਿਨਮਾ ਨੇ ਸਾਹਿਤ ਨੂੰ ਫ਼ਿਲਮਾਂ ਤੋਂ ਦੂਰ ਕਰ ਦਿੱਤਾ ਹੈ, ਪਰ ਸਾਹਿਤਕ ਕਹਾਣੀਆਂ ਨਿਸ਼ਚਤ ਸਮੇਂ ਬਾਅਦ ਬੌਲੀਵੁੱਡ ਵਿੱਚ ਨਜ਼ਰ ਆ ਹੀ ਜਾਂਦੀਆਂ ਹਨ। ਜਿੱਥੋਂ ਤਕ ਸਾਹਿਤ ‘ਤੇ ਬਣੀਆਂ ਫ਼ਿਲਮਾਂ ਦੀ ਸਫ਼ਲਤਾ ਅਤੇ ਅਸਫ਼ਲਤਾ ਦਾ ਸੁਆਲ ਹੈ ਤਾਂ ਜ਼ਿਆਦਾਤਰ ਫ਼ਿਲਮਸਾਜ਼ ਮੰਨਦੇ ਹਨ ਕਿ ਉਨ੍ਹਾਂ ਦੀ ਕਹਾਣੀ ਚੰਗੀ ਹੋਣੀ ਚਾਹੀਦੀ ਹੈ।