ਲੁਧਿਆਣਾ : ਪੰਜਾਬ ਸਰਕਾਰ ‘ਚ ਤੇਜ਼-ਤਰਾਰ ਤੇ ਬਾਦਲ ਖਿਲਾਫ ਹਰ ਸਟੇਜ ‘ਤੇ ਭੜਾਸ ਕੱਢਣ ਅਤੇ ਬਰਗਾੜੀ ਮਾਮਲੇ ‘ਚ ਬਾਦਲ ਅਤੇ ਕੈਪਟਨ ਦੇ ਘਿਓ-ਖਿਚੜੀ ਹੋਣ ਦਾ ਸਿੱਧਾ ਦੋਸ਼ ਲਾਉਣ ਵਾਲੇ ਨਵਜੋਤ ਸਿੰਘ ਸਿੱਧੂ ਦੀ ਚੁੱਪ ਅਤੇ ਖਾਮੋਸ਼ੀ ਕਈ ਤਰ੍ਹਾਂ ਦੇ ਸਵਾਲ ਭਾਵੇਂ ਖੜ੍ਹੇ ਕਰ ਰਹੀ ਹੈ ਪਰ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸਿੱਧੂ ਬੇਸ਼ੱਕ ਕੈਬਨਿਟ ਤੋਂ ਦੂਰ ਹਨ ਪਰ ਲੋਕਾਂ ‘ਚ ਅਜੇ ਵੀ ਮਕਬੂਲ ਹਨ। ਭਾਵੇਂ ਸਿੱਧੂ ਅੱਜਕਲ ਆਪਣੀ ਸਰਕਾਰ ਦੇ ਹੁੰਦਿਆਂ ਰਾਜਸੱਤਾ ਤੋਂ ਦੂਰ ਹੋ ਕੇ ਕੇਵਲ ਵਿਧਾਇਕ ਵਜੋਂ ਆਪਣੇ ਹਲਕੇ ‘ਚ ਵਿਚਰ ਰਹੇ ਹਨ, ਜਿਸ ਸਬੰਧੀ ਲੋਕ ਹਰ ਰੋਜ਼ ਵੱਡੇ ਕਾਫਲੇ ਅਤੇ ਕਈ ਰਾਜਸੀ ਅਤੇ ਸਮਾਜਸੇਵੀ ਸੱਜਣ ਮਿਲਣ ਹੀ ਨਹੀਂ ਆ ਰਹੇ ਸਗੋਂ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਵੀ ਦੇ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਸ਼ਾਇਦ ਇਸ ਗੱਲ ਨੂੰ ਮੰਨ ਕੇ ਸਿੱਧੂ ਨੇ ਹੁਣ ਚੁੱਪ ਧਾਰ ਲਈ ਹੋਵੇ ਅਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖਣਾ ਮੁਨਾਸਿਬ ਸਮਝਿਆ ਹੋਵੇ ਕਿਉਂਕਿ ਉਨ੍ਹਾਂ ਦਾ ਕੋਈ ਵੀ ਬਿਆਨ ਜਾਂ ਕੋਈ ਟਿੱਪਣੀ ਕਿਸੇ ਖਿਲਾਫ ਨਹੀਂ ਆ ਰਹੀ। ਕੇਵਲ ਉਹ ਸਮਾਜਸੇਵੀ ਕਾਰਜਾਂ ‘ਚ ਮਗਨ ਹਨ। ਬਾਕੀ ਸਿੱਧੂ ਬਾਰੇ ਇਕ ਸੀਨੀਅਰ ਟਕਸਾਲੀ ਅਕਾਲੀ ਆਗੂ ਨੇ ਭਵਿੱਖਬਾਣੀ ਕੀਤੀ ਕਿ ਰਾਜਨੀਤੀ ‘ਚ ਜਾਂ ਵਪਾਰ ‘ਚ ਵਿਸ਼ਵਾਸ ਅਤੇ ਭਰੋਸਾ, ਯਕੀਨ ਭਾਵੇਂ ਇਹ ਤਿੰਨ ਸ਼ਬਦ ਉਹ ਹਨ ਜੋ ਵੱਡੀ ਮਹੱਤਤਾ ਰੱਖਦੇ ਹਨ, ਇਸੇ ਲਈ ਜੇਕਰ ਕਿਸੇ ਆਗੂ ‘ਤੇ ਪੰਜਾਬੀਆਂ ਨੂੰ ਯਕੀਨ ਹੈ ਤਾਂ ਉਹ ਸਿੱਧੂ ਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਇਕ ਸਕੂਲ ਦਾ ਦੌਰਾ ਕਰਕੇ ਉਦਘਾਟਨ ਕੀਤਾ। ਇਸ ਦੌਰਾਨ ਜਿਵੇਂ ਹੀ ਸਿੱਧੂ ਬੱਚਿਆਂ ‘ਚ ਪੁੱਜੇ ਤਾਂ ਫੋਟੋਆਂ ਤੇ ਸੈਲਫੀਆਂ ਲੈਣ ਦੀ ਹੋੜ ਲੱਗ ਗਈ ਸੀ। ਬੱਚਿਆਂ ‘ਚ ਘਿਰੇ ਸਿੱਧੂ ਨੇ ਬੜੇ ਖੁਸ਼ੀ ਭਰੇ ਅੰਦਾਜ਼ ‘ਚ ਬੱਚਿਆਂ ਨੂੰ ਸ਼ੇਅਰ ਸੁਣਾਏ। ਪੰਜਾਬ ਮੰਤਰੀ ਮੰਡਲ ‘ਚ ਫੇਰ ਬਦਲ ਤੋਂ ਬਾਅਦ ਨਾਰਾਜ਼ ਨਵਜੋਤ ਸਿੰਘ ਸਿੱਧੂ ਨੇ 15 ਜੁਲਾਈ ਨੂੰ ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇ ਦਿੱਤਾ ਸੀ। ਸਿੱਧੂ ਦੇ ਅਸਤੀਫਾ ਦੇਣ ਤੋਂ 5 ਦਿਨ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਅਸਤੀਫਾ ਮਨਜ਼ੂਰ ਕਰ ਲਿਆ ਸੀ।