ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਇਕ ਵਫਦ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਇਕ ਮੰਗ-ਪੱਤਰ ਜ਼ਿਲਾ ਪ੍ਰੋਗਰਾਮ ਅਫ਼ਸਰ ਨੂੰ ਦਿੱਤਾ। ਇਸ ਸਮੇਂ ਮੀਟਿੰਗ ‘ਚ ਹਰਗੋਬਿੰਦ ਕੌਰ ਤੋਂ ਇਲਾਵਾ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗਗਨ ਮੱਲਣ, ਰਾਜਿੰਦਰ ਕੌਰ ਤੇ ਹਰਮੇਲ ਕੌਰ ਮਲੋਟ ਮੌਜੂਦ ਸਨ।
ਮੰਗ-ਪੱਤਰ ਦੀਆਂ ਮੰਗਾਂ-
ਮੰਗ-ਪੱਤਰ ‘ਚ ਉਨ੍ਹਾਂ ਨੇ ਮੰਗ ਕੀਤੀ ਕਿ ਮੁਕਤਸਰ ਅਧੀਨ ਆਉਂਦੇ ਚਾਰੇ ਬਲਾਕਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ‘ਚ ਚੱਲ ਰਹੇ 870 ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਅਤੇ ਗਰਭਵਤੀ ਮਾਵਾਂ ਲਈ ਸਾਰੇ ਤਰ੍ਹਾਂ ਦਾ ਰਾਸ਼ਨ ਭੇਜਿਆ ਜਾਵੇ। ਜ਼ਿਲੇ ‘ਚ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਆਸਾਮੀਆਂ, ਜਿਨ੍ਹਾਂ ਦੀ ਗਿਣਤੀ 100 ਦੇ ਕਰੀਬ ਹੈ, ਨੂੰ ਤੁਰੰਤ ਭਰਿਆ ਜਾਵੇ। 70 ਸਾਲ ਦੀ ਉਮਰ ਵਾਲੀਆਂ ਵਰਕਰਾਂ ਤੇ ਹੈਲਪਰਾਂ ਜਿਨ੍ਹਾਂ ਨੂੰ ਸਰਕਾਰ ਨੇ ਸੇਵਾ ਮੁਕਤ ਕਰ ਦਿੱਤਾ ਹੈ, ਨੂੰ ਕ੍ਰਮਵਾਰ 1 ਲੱਖ ਰੁਪਏ ਤੇ 50 ਹਜ਼ਾਰ ਰੁਪਏ ਦਿੱਤੇ ਜਾਣ। ਪੋਸ਼ਣ ਅਭਿਆਨ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਵਰਕਰਾਂ ਕੋਲੋਂ ਨਾ ਮੰਗੀਆਂ ਜਾਣ। 2 ਸਾਲ ਪਹਿਲਾਂ ਖੋਲ੍ਹੇ ਆਂਗਣਵਾੜੀ ਸੈਂਟਰਾਂ ‘ਚ ਗੈਸ ਸਿਲੰਡਰ ਤੇ ਹੋਰ ਲੋੜੀਂਦਾ ਸਾਮਾਨ ਮੁਹੱਇਆ ਕਰਵਾਇਆ ਜਾਵੇ।ਰਾਸ਼ਨ ਬਣਾਉਣ ਲਈ ਬਾਲਣ ਦੇ ਪੈਸੇ, ਮਦਰਜ਼ ਮੀਟਿੰਗਾਂ ਦੇ ਪੈਸੇ ਅਤੇ ਫਲੈਕਸੀ ਫੰਡ ਦੇ ਪੈਸੇ ਦਿੱਤੇ ਜਾਣ।
ਕੀ ਕਹਿਣਾ ਹੈ ਰਤਨਦੀਪ ਕੌਰ ਸੰਧੂ ਦਾ
ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਨੇ ਵਫਦ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ 2-4 ਦਿਨਾਂ ਤੱਕ ਜ਼ਿਲੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਤੱਕ ਰਾਸ਼ਨ ਪੁੱਜ ਜਾਵੇਗਾ। ਜ਼ਿਲੇ ‘ਚ ਖਾਲੀ ਪਈਆਂ ਵਰਕਰਾਂ ਤੇ ਹੈਲਪਰਾਂ ਦੀਆਂ ਆਸਾਮੀਆਂ ਨੂੰ ਭਰਨ ਲਈ ਇਸ਼ਤਿਹਾਰ 15 ਦਿਨਾਂ ‘ਚ ਜਾਰੀ ਕਰ ਦਿੱਤਾ ਜਾਵੇਗਾ। ਸੇਵਾ ਮੁਕਤ ਹੋਈਆਂ ਵਰਕਰਾਂ ਤੇ ਹੈਲਪਰਾਂ ਲਈ ਪੈਸੇ ਆ ਗਏ ਹਨ ਅਤੇ ਉਨ੍ਹਾਂ ਦੇ ਖਾਤਿਆਂ ‘ਚ ਪਾ ਦਿੱਤੇ ਜਾਣਗੇ। ਪੋਸ਼ਣ ਅਭਿਆਨ ਨਾਲ ਸਬੰਧਤ ਤਸਵੀਰਾਂ ਵਰਕਰਾਂ ਕੋਲੋਂ ਨਹੀਂ ਮੰਗੀਆਂ ਜਾਣਗੀਆਂ, ਜਿਹੜੇ ਦੋ ਸਾਲ ਪਹਿਲਾਂ ਸੈਂਟਰ ਖੁੱਲ੍ਹੇ ਹਨ, ਉਨ੍ਹਾਂ ਲਈ ਗੈਸ ਸਿਲੰਡਰ, ਗੈਸ ਚੁੱਲ੍ਹਾ ਤੇ ਬਰਤਨ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਨ ਬਣਾਉਣ ਲਈ ਬਾਲਣ ਦੇ ਪੈਸੇ, ਮਦਰਜ਼ ਮੀਟਿੰਗਾਂ ਦੇ ਪੈਸੇ ਅਤੇ ਫਲੈਕਸੀ ਫੰਡ ਦੇ ਪੈਸੇ ਇਸੇ ਹਫ਼ਤੇ ਵਰਕਰਾਂ ਦੇ ਖਾਤਿਆਂ ‘ਚ ਪਾ ਦਿੱਤੇ ਜਾਣਗੇ ਅਤੇ ਗਿੱਦੜਬਾਹਾ ਬਲਾਕ ਦੀਆਂ ਵਰਕਰਾਂ ਤੇ ਹੈਲਪਰਾਂ ਦਾ ਮਾਣਭੱਤਾ ਜਲਦੀ ਮਿਲ ਜਾਵੇਗਾ।