ਸ਼ਾਹਜਹਾਂਪੁਰ—ਵਿਸ਼ੇਸ ਜਾਂਚ ਟੀਮ (ਐੱਸ. ਆਈ. ਟੀ ) ਨੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਚਿਨਮਯਾਨੰਦ ਤੋਂ ਘੰਟਿਆਂ ਤੱਕ ਪੁੱਛ ਗਿੱਛ ਕਰਨ ਤੋਂ ਬਾਅਦ ਅੱਜ ਉਸ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ 3 ਵਜੇ ਘਰ ਨੂੰ ਸੀਲ ਕਰਨ ਦੀ ਕਾਰਵਾਈ ਹੋਈ। ਦੱਸ ਦੇਈਏ ਕਿ ਚਿਨਮਯਾਨੰਦ ਦਾ ਘਰ ਆਸ਼ਰਮ ਦੇ ਸਾਹਮਣੇ ਬਣਿਆ ਹੋਇਆ ਹੈ।
ਪੁਲਸ ਮੁਖੀ ਨਵੀਨ ਅਰੋੜਾ ਨੇ ਕਿਹਾ ਹੈ ਕਿ ਕੱਲ ਰਾਤ ਚਿਨਮਯਾਨੰਦ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਸੀ ਜੋ ਪੂਰੀ ਰਾਤ ਚੱਲੀ। ਐੱਸ. ਆਈ. ਟੀ. ਨੇ ਵਿਦਿਆਰਥਣ ਦੇ ਹੋਸਟਲ ਦੇ ਕਮਰੇ ਨੂੰ ਵੀ ਖੰਗਾਲਿਆ ਹੈ। ਵਿਦਿਆਰਥਣ ਦਾ ਮੈਡੀਕਲ ਵੀ ਪਿਛਲੇ ਬੁੱਧਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾ ਤਹਿਤ ਕਰਵਾਇਆ ਗਿਆ ਸੀ। ਵਿਦਿਆਰਥਣ ਨੇ ਭਾਜਪਾ ਨੇਤਾ ‘ਤੇ ਜਬਰ ਜ਼ਨਾਹ ਦਾ ਦੋਸ਼ ਲਗਾਇਆ ਹੈ। ਹੁਣ ਉਸ ਦੇ ਪਿਤਾ ਅਤੇ ਪਰਿਵਾਰ ‘ਤੇ ਮੁਕੱਦਮਾ ਵਾਪਸ ਲੈਣ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ। ਉਸ ਨੇ ਕਿਹਾ ਹੈ ਜਿਲਾ ਅਧਿਕਾਰੀ ਇੰਦਰਾ ਵਿਕ੍ਰਮ ਸਿੰਘ ਉਸ ‘ਤੇ ਦਬਾਅ ਬਣਾ ਰਹੀ ਹੈ। ਦੂਜੇ ਪਾਸੇ 72 ਸਾਲਾ ਚਿਨਮਯਾਨੰਦ ਦਾ ਕਹਿਣਾ ਹੈ ਕਿ ਉਸ ਨੂੰ ਬਲੈਕਮੇਲ ਕਰਨ ਲਈ ਦੋਸ਼ ਲਗਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਵਿਦਿਆਰਥਣ ਪਿਛਲੇ ਮਹੀਨੇ 24 ਅਗਸਤ ਤੋਂ ਲਾਪਤਾ ਸੀ। ਇਕ ਦਿਨ ਬਾਅਦ ਜਦੋਂ ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ, ਜਿਸ ‘ਚ ਉਸ ਨੇ ਕਿਹਾ ਹੈ ਕਿ ਸੰਤ ਭਾਈਚਾਰੇ ਤੋਂ ਆਉਣ ਵਾਲੇ ਇੱਕ ਨੇਤਾ ਨੇ ਉਸ ਦੇ ਨਾਲ ਜਬਰ ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਵਿਦਿਆਰਥਣ ਦਾ ਪਤਾ ਰਾਜਸਥਾਨ ‘ਚ ਚੱਲਿਆ ਅਤੇ ਸੁਪਰੀਮ ਕੋਰਟ ‘ਚ ਪੇਸ਼ ਕੀਤਾ ਗਿਆ। ਸੁਪਰੀਮ ਕੋਰਟ ਨੇ ਪਿਛਲੇ 2 ਸਤੰਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਤੋਂ ਇਸ ਦੀ ਜਾਂਚ ਕਰਨ ਲਈ ਐੱਸ. ਆਈ. ਟੀ. ਤੋਂ ਕਰਵਾਉਣ ਦਾ ਆਦੇਸ਼ ਦਿੱਤਾ।