ਲੁਧਿਆਣਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਛਪਾਰ ਮੇਲੇ ‘ਚ ਲਾਈ ਗਈ ਸਿਆਸੀ ਸਟੇਜ ‘ਤੇ ਪੁੱਜੇ। ਇਸ ਮੌਕੇ ਭਗਵੰਤ ਮਾਨ ਸੂਬੇ ਦੀ ਕੈਪਟਨ ਸਰਕਾਰ ‘ਤੇ ਰੱਜ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਪਹਿਲਾਂ ਸਾਹ, ਦਮਾ, ਤਪਦਿਕ ਜੈਨੇਟਿਕ ਬੀਮਾਰੀਆਂ ਹੁੰਦੀਆਂ ਸਨ ਮਤਲਬ ਕਿ ਦਾਦੇ-ਪੜਦਾਦਿਆਂ ਤੋਂ ਸ਼ੁਰੂ ਹੋ ਕੇ ਇਹ ਬੀਮਾਰੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਸਨ ਪਰ ਹੁਣ ਪੰਜਾਬ ‘ਚ ਕਰਜ਼ਾ ਵੀ ਜੈਨੇਟਿਕ ਬੀਮਾਰੀ ਬਣ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਪਿੰਡ ਭੋਤਨਾ ਦੇ 22 ਸਾਲਾ ਨੌਜਵਾਨ ਲਵਪ੍ਰੀਤ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਭਗਵੰਤ ਮਾਨ ਨੇ ਦੱਸਿਆ ਕਿ ਲਵਪ੍ਰੀਤ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਪੰਜਵੇਂ ਬੰਦੇ ਨੇ ਖੁਦਕੁਸ਼ੀ ਕੀਤੀ ਹੈ ਅਤੇ ਇਸ ਤਰ੍ਹਾਂ ਜੈਨੇਟਿਕ ਬੀਮਾਰੀ ਵਾਂਗ ਇਹ ਕਰਜ਼ਾ ਵੀ ਪੀੜ੍ਹੀ ਦਰ ਪੀੜ੍ਹੀ ਮਾਰ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਤੇ ਪਰ ਕੈਪਟਨ ਅਤੇ ਬਾਦਲ ਪਰਿਵਾਰ ਨੇ ਸਿਰਫ ਆਪਣੇ ਬਾਰੇ ਹੀ ਸੋਚਿਆ ਹੈ, ਜਦੋਂ ਕਿ ਸੂਬੇ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ।