ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਰਾਊਜ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਵੱਡੀ ਰਾਹਤ ਦਿੱਤੀ। ਵਾਡਰਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਦੇ ਦਿੱਤੀ। ਮਨੀ ਲਾਂਡਰਿੰਗ ਮਾਮਲੇ ‘ਚ ਪੇਸ਼ਗੀ ਜ਼ਮਾਨਤ ‘ਤੇ ਚੱਲ ਰਹੇ ਰਾਬਰਟ ਵਾਡਰਾ ਦੇ ਵਿਦੇਸ਼ ਜਾਣ ਲਈ ਮਨਜ਼ੂਰੀ ਮੰਗਣ ਦਾ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵਿਰੋਧ ਕੀਤਾ ਸੀ। ਰਾਊਜ ਐਵੇਨਿਊ ਦੀ ਵਿਸ਼ੇਸ਼ ਅਦਾਲਤ ‘ਚ ਵੀਰਵਾਰ ਨੂੰ ਈ.ਡੀ. ਨੇ ਕਿਹਾ ਸੀ ਕਿ ਵਾਡਰਾ ਵਿਦੇਸ਼ ਜਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਸਬੂਤ ਨਸ਼ਟ ਕੀਤੇ ਜਾ ਸਕਦੇ ਹਨ।
ਸੁਣਵਾਈ ਦੌਰਾਨ ਵਾਡਰਾ ਵਲੋਂ ਪੇਸ਼ ਹੋਏ ਵਕੀਲਾਂ ਨੇ ਕੋਰਟ ਨੂੰ ਦੱਸਿਆ ਸੀ ਕਿ ਜਾਂਚ ਏਜੰਸੀ ਦਾ ਵਿਰੋਧ ਗਲਤ ਹੈ ਅਤੇ ਗਲਤ ਦੋਸ਼ ਲਗਾਏ ਜਾ ਰਹੇ ਹਨ। ਵਾਡਰਾ ਵਲੋਂ ਦਾਇਰ ਅਰਜ਼ੀ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਸਪੇਨ ਜਾਣਾ ਹੈ। ਉਨ੍ਹਾਂ ਨੂੰ ਆਪਣੇ ਵਪਾਰ ਦੇ ਸਿਲਸਿਲੇ ‘ਚ 21 ਸਤੰਬਰ ਤੋਂ 8 ਅਕਤੂਬਰ ਤੱਕ ਵਿਦੇਸ਼ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਵੀ ਵਾਡਰਾ ਕੋਰਟ ਦੀ ਮਨਜ਼ੂਰੀ ਲੈ ਕੇ ਇਲਾਜ ਲਈ ਅਮਰੀਕਾ ਅਤੇ ਨੀਦਰਲੈਂਡ ਜਾ ਚੁਕੇ ਹਨ ਪਰ ਉਨ੍ਹਾਂ ਨੂੰ ਲੰਡਨ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਸੀ, ਕਿਉਂਕਿ ਲੰਡਨ ‘ਚ ਹੀ ਜਾਇਦਾਦ ਖਰੀਦ ਦੀ ਜਾਂਚ ਈ.ਡੀ. ਕਰ ਰਿਹਾ ਹੈ।