ਨਵੀਂ ਦਿੱਲੀ — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧੂਮ-ਧਾਮ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ‘ਤੇ ਆਯੋਜਿਤ ਪ੍ਰੋਗਰਾਮਾਂ ਦਾ ਪ੍ਰਚਾਰ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਸ਼ਟਰੀ ਰਾਜਧਾਨੀ ਦਿੱਲੀ, ਮੁੰਬਈ ਅਤੇ ਜੈਪੁਰ ਵਿਚ ਰੇਲਵੇ ਅਤੇ ਮੈਟਰੋ ਟਰੇਨ ਦੀ ਮਮਦ ਲਵੇਗੀ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਸਿੱਖ-ਸਿਧਾਂਤਾਂ ਦੇ ਵਿਚਾਰਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਮੋਬਾਈਲ ਆਉਟਡੋਰ ਮੀਡੀਆ ਦਾ ਇਸਤੇਮਾਲ ਵੀ ਕਰ ਰਹੀ ਹੈ।
ਸਿਰਸਾ ਨੇ ਕਿਹਾ ਕਿ ਦਿੱਲੀ-ਮੁੰਬਈ ਵਿਚਾਲੇ ਰਾਜਧਾਨੀ ਟਰੇਨ ਅਤੇ ਦਿੱਲੀ-ਲਖਨਊ ਅਤੇ ਦਿੱਲੀ-ਅੰਮ੍ਰਿਤਸਰ ਵਿਚਾਲੇ ਸ਼ਤਾਬਦੀ ਟਰੇਨਾਂ ਨਾਲ ਹੀ ਦਿੱਲੀ, ਮੁੰਬਈ ਅਤੇ ਜੈਪੁਰ ਵਿਚ ਮੈਟਰੋ ਟਰੇਨ ਦੀ ਚੋਣ ਇਸ਼ਤਿਹਾਰ ਲਈ ਕੀਤੀ ਗਈ ਹੈ। ਟਰੇਨ ਦੇ ਡੱਬਿਆਂ ਅੰਦਰ ਤਸਵੀਰਾਂ, ਛਪੀ ਸਮੱਗਰੀ, ਇਲੈਕਟ੍ਰਾਨਿਕ ਮੀਡੀਆ, ਸਮਾਰਟ ਪੋਸਟਰ ਅਤੇ ਹੋਲੋਗ੍ਰਾਫਿਕ ਤਸਵੀਰਾਂ ਲਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸਿਰਸਾ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਲਈ ਇਕ ਲੋਗੋ ਵੀ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੰੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਆਖਰੀ ਪੜਾਅ ਵਿਚ ਹੈ ਅਤੇ ਇਸ ਮਹੀਨੇ ਹੀ ਸਮਝੌਤਾ ਹੋਣ ਦੀ ਉਮੀਦ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਦਿੱਲੀ ਮੈਟਰੋ ਨਾਲ ਸਾਂਝੇਦਾਰੀ ਕਰ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਮੈਟਰੋ ਟਰੇਨ ਦੇ ਬਲੂ ਲਾਈਨ ਰੂਟ ਵਿਚ ਦੁਆਰਕਾ ਤੋਂ ਨੋਇਡਾ/ਵੈਸ਼ਾਲੀ ਵਿਚਾਲੇ ਇਨੋਵੇਟਿਵ ਇਸ਼ਤਿਹਾਰ 15 ਅਗਸਤ ਤੋਂ 3 ਮਹੀਨੇ ਲਈ ਚਲਾਏ ਜਾ ਰਹੇ ਹਨ।