ਚੰਡੀਗੜ੍ਹ : ਕਸ਼ਮੀਰ ‘ਚ ਮੜ੍ਹੀਆਂ ਪਾਬੰਦੀਆਂ ਰੱਦ ਕਰਕੇ ਉਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ, ਧਾਰਾ 370 ਅਤੇ 35 ਏ ਮਨਸੂਖ ਕਰਨ ਦੇ ਕਦਮ ਵਾਪਸ ਲੈਣ ਆਦਿ ਮੁੱਦਿਆਂ ਨੂੰ ਲੈ ਕੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਪੰਜਾਬ ਵਲੋਂ ਮੋਹਾਲੀ ‘ਚ ਰੈਲੀ ਕੀਤੀ ਗਈ । ਇਸ ਉਪਰੰਤ ਚੰਡੀਗੜ੍ਹ ‘ਚ ਰੋਸ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੇ ਸੱਦੇ ‘ਤੇ ਚੰਡੀਗੜ੍ਹ ਵੱਲ ਵਧਦੇ ਕਾਫ਼ਲਿਆਂ ਨੂੰ ਭਾਰੀ ਪੁਲਸ ਬਲਾਂ ਵਲੋਂ ਰੋਕਣ ਕਾਰਨ ਰੋਹ ‘ਚ ਆਏ ਕਿਸਾਨਾਂ, ਪੇਂਡੂ ਖੇਤ ਮਜ਼ਦੁਰਾਂ, ਨੌਜਵਾਨਾਂ ਵਿਦਿਆਰਥੀਆਂ ਤੇ ਔਰਤਾਂ ਵਲੋਂ ਪੰਜਾਬ ਦੇ 10 ਜ਼ਿਲਿਆਂ ‘ਚ 16 ਥਾਂਵਾਂ ‘ਤੇ ਸੜਕਾਂ ਠੱਪ ਕਰਕੇ ਮੋਦੀ ਤੇ ਕੈਪਟਨ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਸ਼ਹਿਰਾਂ ‘ਚ ਰੋਹ ਭਰਪੂਰ ਮੁਜਾਹਰੇ ਕੀਤੇ ਗਏ।
ਇਸ ਤੋਂ ਇਲਾਵਾ ਕੈਪਟਨ ਹਕੂਮਤ ਦੀਆਂ ਸਭ ਪਾਬੰਦੀਆਂ ਦੇ ਬਾਵਜੂਦ ਰੋਹ ਭਰਪੂਰ ਕਾਫ਼ਲਿਆਂ ਵਲੋਂ ਮੋਹਾਲੀ ‘ਚ ਦਾਖ਼ਲ ਹੋ ਕੇ ਆਪਣੀ ਅਵਾਜ਼ ਜ਼ੋਰਦਾਰ ਬੁਲੰਦ ਕੀਤੀ ਗਈ। ਇਸੇ ਦੌਰਾਨ ਦੁਸਹਿਰਾ ਗ੍ਰਾਊਂਡ ਮੋਹਾਲੀ ਪੁੱਜੇ ਨਮਿਤਾ, ਮਾਨਵ, ਰਵਿੰਦਰ ਤੇ ਅਮਨਦੀਪ ਸਮੇਤ 30 ਵਿਅਕਤੀਆਂ ਜਿਨ੍ਹਾਂ ‘ਚ 10 ਕੁੜੀਆਂ ਵੀ ਸ਼ਾਮਲ ਹਨ, ਨੂੰ ਪੁਲਸ ਗ੍ਰਿਫਤਾਰ ਕਰਕੇ ਲੈ ਗਈ, ਜਿਨ੍ਹਾਂ ਨੂੰ ਲੋਕਾਂ ਦੇ ਦਬਾ ਕਾਰਨ ਆਖ਼ਰ ਛੱਡਣਾ ਪਿਆ।
ਕਮੇਟੀ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਝੰਡਾ ਸਿੰਘ ਜੇਠੂਕੇ, ਕੰਵਲਪ੍ਰੀਤ ਸਿੰਘ ਪੰਨੂੰ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਬਠਿੰਡਾ ‘ਚ ਚੰਡੀਗੜ੍ਹ-ਬਠਿੰਡਾ ਜੀ.ਟੀ. ਰੋਡ ‘ਤੇ ਭੁੱਚੋ ਖੁਰਦ, ਗਿੱਲ ਕਲਾਂ ਤੋਂ ਇਲਾਵਾ ਤਲਵੰਡੀ ਸਾਬੋ, ਬਡਬਰ ਤੇ ਸੇਖਾ ਚੌਕ (ਬਰਨਾਲਾ), ਮਾਨਸਾ ਕੈਂਚੀਆਂ, ਮਹਿਲਾਂ ਚੌਂਕ ਤੇ ਬਾਦਲਗੜ੍ਹ (ਸੰਗਰੂਰ), ਹਿੰਮਤਪੁਰਾ ਤੇ ਕਿਸ਼ਨਪੁਰਾ (ਮੋਗਾ), ਪੰਜਗਰਾਈ ਤੇ ਵਾੜਾਭਾਈਕਾ (ਫਰੀਦਕੋਟ), ਭਲਾਈਆਣਾ (ਸ਼੍ਰੀ ਮੁਕਤਸਰ ਸਾਹਿਬ), ਪਾਇਲ (ਲੁਧਿਆਣਾ), ਕਕਰਾਲਾ (ਪਟਿਆਲਾ) ਤੇ ਮੁਹਾਲੀ ਚੰਡੀਗੜ੍ਹ ਦੀ ਹੱਦ ਤੇ ਰੋਪੜ ਚੰਡੀਗੜ੍ਹ ਰੋਡ ਤੇ ਜਾਮ ਲਾਉਣ ਤੋਂ ਇਲਾਵਾ ਨਕੋਦਰ ਅਤੇ ਪੱਟੀ ਤੇ ਲੋਹਕਾ (ਤਰਨਤਾਰਨ) ਵਿਖੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਵੱਖ-ਵੱਖ ਥਾਂਵਾਂ ‘ਤੇ ਜੁੜ੍ਹੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੈਪਟਨ ਸਰਕਾਰ ਵਲੋਂ ਰੈਲੀ ਅਤੇ ਮਾਰਚ ‘ਤੇ ਪਾਬੰਦੀਆਂ ਲਾਉਣ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਕਦਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਭਾਜਪਾ ਤੇ ਆਰ.ਐਸ.ਐਸ. ਹਕੂਮਤ ਨਾਲ ਕਸ਼ਮੀਰ ‘ਚ ਜਬਰ ਖਿਲਾਫ਼ ਵਿਰੋਧ ਨਕਲੀ ਹੈ ਤੇ ਸਵੈ-ਨਿਰਣੇ ਦੇ ਹੱਕ ਲਈ ਜੂਝਦੇ ਕਸ਼ਮੀਰੀ ਲੋਕਾਂ ਨਾਲ ਦੁਸ਼ਮਣੀ ਅਸਲੀ ਹੈ।