ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਤਿਹਾੜ ਕੇਂਦਰੀ ਜੇਲ ‘ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਤੋਂ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਲਈ ਦਿੱਲੀ ਦੀ ਇਕ ਕੋਰਟ ਦਾ ਰੁਖ ਕੀਤਾ ਹੈ। ਚੀਫ ਜਸਟਿਸ ਅਰਵਿੰਦ ਕੁਮਾਰ ਨੇ ਮਿਸ਼ੇਲ ਤੋਂ 20 ਸਤੰਬਰ ਤੱਕ ਇਸ ਅਰਜ਼ੀ ‘ਤੇ ਜਵਾਬ ਮੰਗਿਆ ਹੈ, ਜਦੋਂ ਕੋਰਟ ਇਸ ਮਾਮਲੇ ਦੀ ਸੁਣਵਾਈ ਕਰੇਗੀ। ਸੀ.ਬੀ.ਆਈ. ਨੇ ਆਪਣੀ ਪਟੀਸ਼ਨ ‘ਚ ਜਾਂਚ ਲਈ ਮਿਸ਼ੇਲ ਦੇ ਦਸਤਖ਼ਤ ਅਤੇ ਲਿਖਾਵਟ ਦੇ ਨਮੂਨੇ ਵੀ ਮੰਗੇ।
ਸੀ.ਬੀ.ਆਈ. ਨੇ ਕੋਰਟ ਨੂੰ ਦੱਸਿਆ ਕਿ ਮਿਸ਼ੇਲ ਤੋਂ ਕੁਝ ਹੋਰ ਦਸਤਾਵੇਜ਼ਾਂ ਨਾਲ ਪੁੱਛ-ਗਿੱਛ ਕਰਨ ਦੀ ਜ਼ਰੂਰਤ ਹੈ। ਕੋਰਟ ਨੇ ਮਿਸ਼ੇਲ ਨੂੰ 20 ਸਤੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਕੋਰਟ ਨੇ ਹਾਲ ਹੀ ‘ਚ ਮਿਸ਼ੇਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦੁਬਈ ਤੋਂ ਭਾਰਤ ਲਿਆਂਦੇ ਗਏ ਮਿਸ਼ੇਲ ਨੂੰ ਈ.ਡੀ. ਨੇ ਪਿਛਲੇ ਸਾਲ 22 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਾਲ 5 ਜਨਵਰੀ ਨੂੰ ਈ.ਡੀ. ਵਲੋਂ ਦਰਜ ਮਾਮਲੇ ‘ਚ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਘਪਲੇ ਦੇ ਸਿਲਸਿਲੇ ‘ਚ ਸੀ.ਬੀ.ਆਈ. ਵਲੋਂ ਦਰਜ ਇਕ ਹੋਰ ਮਾਮਲੇ ‘ਚ ਵੀ ਉਸ ਨੂੰ ਨਿਆਇਕ ਹਿਰਾਸਤ ‘ਚ ਰੱਖਿਆ ਗਿਆ ਹੈ। ਮਿਸ਼ੇਲ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ.ਬੀ.ਆਈ. ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ‘ਚ ਸਾਹਮਣੇ ਆਏ ਤਿੰਨ ਵਿਚੋਲਿਆਂ ‘ਚੋਂ ਇਕ ਹੈ। ਹੋਰ 2 ਵਿਚੋਲੇ ਗੁਈਦੋ ਹੇਸ਼ਕੇ ਅਤੇ ਕਾਰਲੋ ਗੇਰੋਸਾ ਹਨ।