ਚੰਡੀਗੜ੍ਹ : ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੇ ਜਾਣ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ । ਸਿੱਖ ਵਿਦਵਾਨਾਂ ਨੇ ਇਸ ਮਾਮਲੇ ‘ਤੇ ਬਾਦਲ ਪਰਿਵਾਰ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ ਗਈ ਹੈ, ਉਨਾਂ ਦਾ ਨਾਮ ਨਸ਼ਰ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਸਿੱਖ ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਦੋ ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚ ਹਨ, ਉਨ੍ਹਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸਿੱਖ ਵਿਦਵਾਨਾਂ ਨੇ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ‘ਤੇ ਜਿੱਥੇ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕੀਤੀ ਹੈ, ਉੱਥੇ ਹੀ ਕਸ਼ਮੀਰ ਦੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਦੀ ਗੱਲ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਵੀ ਪ੍ਰਗਟਾਈ ਹੈ।
ਸਿੱਖ ਵਿਚਾਰ ਮੰਚ ਦੇ ਆਗੂ ਅਤੇ ਸਿੱਖ ਵਿਦਵਾਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਵੀ ਦੱਸੇ ਕਿ ਜਿਹੜੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ ਗਈ ਹੈ, ਉਨ੍ਹਾਂ ਦਾ ਕੀ ਨਾਮ ਹੈ ਅਤੇ ਜਿਹੜੇ ਦੋ ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚ ਹਨ, ਉਨ੍ਹਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਸਿੱਖ ਵਿਦਵਾਨ ਗੁਰਪ੍ਰੀਤ ਸਿੰਘ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਜੰਮੂ-ਕਸ਼ਮੀਰ ਵਿਚ ਧਾਰਾ 370 ਦੇ ਖਾਤਮੇ ਦਾ ਵਿਰੋਧ ਕਰ ਰਹੀ ਹੈ, ਦੂਜੇ ਪਾਸੇ ਕਸ਼ਮੀਰੀ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ਦੀਆਂ ਰੈਲੀਆਂ ‘ਤੇ ਵੀ ਰੋਕ ਲਗਾਈ ਜਾ ਰਹੀ ਹੈ।