ਲਖਨਊ— ਰਾਜਸਥਾਨ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ 6 ਵਿਧਾਇਕਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੂੰ ਗੈਰ ਭਰੋਸੇਮੰਦ ਅਤੇ ਧੋਖੇਬਾਜ਼ ਕਰਾਰ ਦਿੱਤਾ ਹੈ। ਮਾਇਆਵਤੀ ਨੇ ਮੰਗਲਵਾਰ ਸਵੇਰੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕੀਤੇ। ਉਨ੍ਹਾਂ ਨੇ ਪਹਿਲਾ ਟਵੀਟ ਕੀਤਾ,”ਰਾਜਸਥਾਨ ‘ਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਕ ਵਾਰ ਫਿਰ ਬਸਪਾ ਦੇ ਵਿਧਾਇਕਾਂ ਨੂੰ ਤੋੜ ਕੇ ਗੈਰ ਭਰੋਸੇਮੰਦ ਅਤੇ ਧੋਖੇਬਾਜ਼ ਪਾਰਟੀ ਹੋਣ ਦਾ ਪ੍ਰਮਾਣ ਦਿੱਤਾ ਹੈ। ਇਹ ਬਸਪਾ ਮੂਵਮੈਂਟ ਨਾਲ ਧੋਖਾ ਹੈ, ਜੋ ਦੁਬਾਰਾ ਉਦੋਂ ਕੀਤਾ ਗਿਆ ਹੈ, ਜਦੋਂ ਬਸਪਾ ਇੱਥੇ ਕਾਂਗਰਸ ਸਰਕਾਰ ਨੂੰ ਬਾਹਰੋਂ ਬਿਨਾਂ ਸ਼ਰਤ ਸਮਰਥਨ ਦੇ ਰਹੀ ਹੈ।”
ਮਾਇਆਵਤੀ ਨੇ ਆਪਣੇ ਦੂਜੇ ਟਵੀਟ ‘ਚ ਕਿਹਾ,”ਕਾਂਗਰਸ ਆਪਣੀ ਵਿਰੋਧੀ ਪਾਰਟੀ/ਸੰਗਠਨਾਂ ਨਾਲ ਲੜਨ ਦੀ ਬਜਾਏ ਹਰ ਜਗ੍ਹਾ ਉਨ੍ਹਾਂ ਪਾਰਟੀਆਂ ਹੀ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ, ਜੋ ਉਨ੍ਹਾਂ ਨੂੰ ਸਹਿਯੋਗ/ਸਮਰਥਨ ਦਿੰਦੇ ਹਨ। ਕਾਂਗਰਸ ਇਸ ਤਰ੍ਹਾਂ ਐੱਸ.ਸੀ./ਐੱਸ.ਟੀ., ਓ.ਬੀ.ਸੀ. ਵਿਰੋਧੀ ਪਾਰਟੀ ਹੈ ਅਤੇ ਇਨ੍ਹਾਂ ਵਰਗਾਂ ਦੇ ਰਾਖਵਾਂਕਰਨ ਦੇ ਹੱਕ ਦੇ ਪ੍ਰਤੀ ਕਦੇ ਗੰਭੀਰ ਅਤੇ ਈਮਾਨਦਾਰ ਨਹੀਂ ਰਹੀ ਹੈ।”
ਮਾਇਆਵਤੀ ਨੇ ਇਸ ਤੋਂ ਬਾਅਦ ਇਕ ਹੋਰ ਟਵੀਟ ਕੀਤਾ,”ਕਾਂਗਰਸ ਹਮੇਸ਼ਾ ਹੀ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਦੀ ਵਿਰੋਧੀ ਰਹੀ। ਇਸੇ ਕਾਰਨ ਅੰਬੇਡਕਰ ਨੂੰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਕਾਂਗਰਸ ਨੇ ਉਨ੍ਹਾਂ ਨੂੰ ਨਾ ਤਾਂ ਕਦੇ ਲੋਕ ਸਭਾ ‘ਚ ਚੁਣ ਕੇ ਜਾਣ ਦਿੱਤਾ ਅਤੇ ਨਾ ਹੀ ਭਾਰਤ ਰਤਨ ਨਾਲ ਸਨਮਾਨਤ ਕੀਤਾ। ਬੇਹੱਦ ਦੁਖਦ ਅਤੇ ਸ਼ਰਮਨਾਕ।”
ਦੱਸਣਯੋਗ ਹੈ ਕਿ ਰਾਜਸਥਾਨ ‘ਚ ਬਹੁਜਨ ਸਮਾਜਵਾਦੀ ਪਾਰਟੀ ਦੇ ਸਾਰੇ 6 ਵਿਧਾਇਕ ਕਾਂਗਰਸ ‘ਚ ਸ਼ਾਮਲ ਹੋ ਗਏ। ਬਸਪਾ ਦੇ 6 ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਨੂੰ ਸੋਮਵਾਰ ਦੇਰ ਰਾਤ ਇਕ ਪੱਤਰ ਸੌਂਪਿਆ। ਵਿਧਾਇਕਾਂ ਨੇ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਰਾਜ ‘ਚ ਬਸਪਾ ਦੇ 6 ਵਿਧਾਇਕ ਰਾਜੇਂਦਰ ਸਿੰਘ ਗੁਢਾ (ਉਦੇਪੁਰ ਵਾਟੀ), ਜੋਗੇਂਦਰ ਸਿੰਘ ਅਵਾਨਾ (ਨਦਬਈ), ਵਾਜਿਲ ਅਲੀ (ਨਗਰ), ਲਾਖਨ ਸਿੰਘ (ਕਰੌਲੀ), ਸੰਦੀਪ ਕੁਮਾਰ (ਤਿਜਾਰਾ) ਅਤੇ ਦੀਪਚੰਦ ਖੇਰੀਆ (ਕਿਸ਼ਨਗੜ੍ਹ ਬਾਸ) ਹੈ। ਰਾਜਸਥਾਨ ਦੇ ਵਿਧਾਨ ਸਭਾ ਸਪੀਕਰ ਨੇ ਜੈਪੁਰ ‘ਚ ਦੇਰ ਰਾਤ ਕਿਹਾ ਕਿ ਬਸਪਾ ਵਿਧਾਇਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਕ ਪੱਤਰ ਉਨ੍ਹਾਂ ਨੂੰ ਸੌਂਪਿਆ ਹੈ।